ਮ੍ਰਿਤਕ ਦੇ ਸਾਥੀ ਤੇ ਪੁਲਿਸ ਜਾਣਕਾਰੀ ਦਿੰਦੇ ਹੋਏ ਤਰਨ ਤਾਰਨ:ਇੱਕ ਪਾਸੇ ਪੰਜਾਬ ਸਰਕਾਰ 'ਤੇ ਪੁਲਿਸ ਸੂਬੇ ਦੀ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਕਰਦੇ ਹਨ ਤਾਂ ਦੂਜੇ ਪਾਸੇ ਆਏ ਦਿਨ ਹੋ ਰਹੇ ਕਤਲ ਜਾਂ ਲੁੱਟਾਂ ਖੋਹਾਂ ਉਨ੍ਹਾਂ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਰਹੇ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਕਸਬਾ ਗੋਇੰਦਵਾਲ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿਥੇ ਦਿਨ ਦਿਹਾੜੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਕਸਬਾ ਗੋਇੰਦਵਾਲ ਫਤਿਹਾਬਾਦ ਫਾਟਕ ਦੇ ਕੋਲ ਆਪ ਆਗੂ ਗੁਰਪ੍ਰੀਤ ਸਿੰਘ ਗੋਪੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਦੀ ਕਿ ਮੌਕੇ 'ਤੇ ਹੀ ਮੌਤ ਹੋ ਗਈ। ਉਧਰ ਸੂਚਨਾ ਮਿਲਦੇ ਸਾਰ ਹੀ ਪੁਲਿਸ ਅਧਿਕਾਰੀ ਅਤੇ ਮ੍ਰਿਤਕ ਦੇ ਜਾਣਕਾਰ ਮੌਕੇ 'ਤੇ ਪਹੁੰਚ ਗਏ।
'ਆਪ' ਵਿਧਾਇਕ ਦੇ ਕਰੀਬੀ ਦਾ ਕਤਲ:ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਿਸੇ ਕੇਸ ਦੀ ਤਰੀਕ ਲਈ ਸੁਲਤਾਨਪੁਰ ਲੋਧੀ ਅਦਾਲਤ 'ਚ ਜਾ ਰਿਹਾ ਸੀ ਕਿ ਰਾਹ 'ਚ ਹੀ ਉਸ ਦਾ ਕਿਸੇ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਹਾਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਉਸ ਨੂੰ ਗੋਲੀਆਂ ਕਿਸ ਨੇ ਮਾਰੀਆਂ ਹਨ। ਜਦਕਿ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਹ ਆਪ ਆਗੂ ਗੋਪੀ ਚੋਲਾ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ।
ਅਦਾਲਤ ਤਰੀਕ 'ਤੇ ਜਾ ਰਿਹਾ ਸੀ ਮ੍ਰਿਤਕ: ਇਸ ਸਬੰਧੀ ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਕੇਸ ਦੀ ਤਰੀਕ 'ਤੇ ਜਾ ਰਿਹਾ ਸੀ ਕਿ ਰਾਹ 'ਚ ਕਿਸੇ ਨੇ ਫਤਿਹਾਬਾਦ ਗੋਇੰਦਵਾਲ ਸਾਹਿਬ ਰੇਲਵੇ ਫਾਟਕ ਕੋਲ ਇਹ ਵਾਰਦਾਤ ਕਰ ਦਿੱਤੀ। ਜਿਸ 'ਚ ਗੋਪੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਿਸੇ ਵਲੋਂ ਸਾਨੂੰ ਮੌਕੇ ਤੋਂ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਉਹ ਸਾਰੇ ਇਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਇਸ ਦਾ ਕਤਲ ਕਿਸ ਨੇ ਕੀਤਾ ਹੈ।
ਜਾਂਚ 'ਚ ਜੁਟੀ ਪੁਲਿਸ: ਉਧਰ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ 'ਚ ਸਾਰੇ ਪੱਖਾਂ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਤਰਨ ਤਾਰਨ ਪਾਸਿਓ ਆ ਰਿਹਾ ਸੀ ਕਿ ਸ਼ਾਇਦ ਇੱਕ ਗੱਡੀ ਇੰਨ੍ਹਾਂ ਦਾ ਪਿੱਛਾ ਕਰ ਰਹੀ ਸੀ ਤੇ ਇਥੇ ਫਾਟਕ ਲੱਗਾ ਹੋਣ ਕਾਰਨ ਜਿਵੇਂ ਹੀ ਮ੍ਰਿਤਕ ਨੇ ਗੱਡੀ ਰੋਕੀ ਤਾਂ ਪਿਛੋਂ ਕਾਰ 'ਚੋਂ ਨਿਕਲ ਕੇ ਹਮਲਾਵਰਾਂ ਨੇ ਇੰਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਮੌਕੇ 'ਤੇ ਹੀ ਇੰਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੂੰ ਪੰਜ ਗੋਲੀਆਂ ਮਾਰੀਆਂ ਗਈਆਂ ਹਨ ਤੇ ਇਸ 'ਤੇ ਵੀ ਕਈ ਪਰਚੇ ਦਰਜ ਸਨ, ਜਿਸ 'ਚ ਹੋ ਸਕਦਾ ਕਿ ਰੰਜਿਸ਼ ਦੇ ਚੱਲਦੇ ਕਿਸੇ ਨੇ ਇਹ ਵਾਰਦਾਤ ਕੀਤੀ ਹੋਵੇ।