ਵਿਦੇਸ਼ ਤੱਕ ਬੀਜਾਂ ਦੀ ਡਿਮਾਂਡ (etv bharat punjab (ਰਿਪੋਟਰ ਬਠਿੰਡਾ)) ਬਠਿੰਡਾ:ਪੰਜਾਬ ਵਿੱਚ ਲਗਾਤਾਰ ਰਸਾਇਣਿਕ ਖਾਦਾਂ ਦੀ ਵਰਤੋਂ ਤੋਂ ਬਾਅਦ ਪੈਦਾ ਹੋਏ ਮਾੜੇ ਹਾਲਾਤਾਂ ਨੂੰ ਵੇਖਦੇ ਹੋਏ ਕਿਸਾਨੀ ਵਿੱਚ ਮੁੜ ਆਰਗੈਨਿਕ ਖੇਤੀ ਕਰਨ ਦਾ ਰੁਝਾਨ ਵਧਿਆ ਹੈ। ਆਰਗੈਨਿਕ ਖੇਤੀ ਕਰਨ ਲਈ ਆਰਗੈਨਿਕ ਬੀਜਾਂ ਦੀ ਲੋੜ ਪੈਂਦੀ ਹੈ। ਇਸ ਲੋੜ ਨੂੰ ਪੂਰਾ ਕਰਨ ਲਈ ਹੁਣ ਨੌਜਵਾਨ ਕਿਸਾਨ ਅੰਮ੍ਰਿਤ ਸਿੰਘ ਵਾਸੀ ਕੋਠੇ ਵਾਹਿਗੁਰੂ ਵਾਲਾ ਨੇ ਖੁਦ ਵੱਖ-ਵੱਖ ਫਸਲਾਂ ਅਤੇ ਫਲਾਂ ਦੇ ਔਰਗੈਨਿਕ ਬੀਜ ਬੈਂਕ ਬਣਾਉਣ ਦਾ ਉਪਰਾਲਾ ਕੀਤਾ ਹੈ।
ਵੱਖ ਵੱਖ ਤਰ੍ਹਾਂ ਦੀਆਂ ਕਿਸਮਾਂ: ਕਰੀਬ ਪੰਜ ਏਕੜ ਵਿੱਚ ਉਸ ਵੱਲੋਂ ਵੱਖ-ਵੱਖ ਤਰ੍ਹ ਦੇ 150 ਤੋਂ 200 ਔਰਗੈਨਿਕ ਬੀਜ ਤਿਆਰ ਕੀਤੇ ਜਾ ਰਹੇ ਹਨ ਅਤੇ ਲੋਕ ਦੂਰੋਂ ਦੂਰੋਂ ਉਸ ਕੋਲੋਂ ਔਰਗੈਨਿਕ ਬੀਜ ਖਰੀਦ ਕਰਨ ਲਈ ਆ ਰਹੇ ਹਨ। ਗੱਲਬਾਤ ਦੌਰਾਨ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਕੈਮੀਕਲ ਦੇਸ਼ ਵਿੱਚ 1962 ਵਿੱਚ ਆਏ ਹਨ ਅਤੇ ਖੇਤੀ ਦਾ ਇਤਿਹਾਸ ਕਰੀਬ 10 ਹਜਾਰ ਸਾਲ ਪੁਰਾਣਾ ਹੈ। ਇਸ ਲਈ ਪੁਰਾਤਨ ਖੇਤੀ ਉੱਤੇ ਜੇਕਰ ਝਾਤ ਮਾਰੀ ਜਾਵੇ ਤਾਂ ਬਹੁਤ ਤਰ੍ਹਾਂ ਦੀਆਂ ਕਿਸਮਾਂ ਪੰਜਾਬ ਵਿੱਚ ਹੁੰਦੀਆਂ ਸਨ। ਜੋ ਹੌਲੀ ਹੌਲੀ ਅਲੋਪ ਹੁੰਦੀਆਂ ਗਈਆਂ ਪਰ ਹੁਣ ਉਹਨਾਂ ਵੱਲੋਂ ਮੁੜ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਤਰ੍ਹਾਂ ਦੀਆਂ ਕਿਸਮਾਂ ਇਕੱਠੀਆਂ ਕੀਤੀਆਂ ਗਈਆਂ ਹਨ।
ਖੇਤੀ ਨਾਲ ਪਿਆਰ: ਇਹ ਯੋਜਨਾ ਉਹਨਾਂ ਵੱਲੋਂ ਬੰਗਲੌਰ ਵਿੱਚ ਲਈ ਗਈ ਟ੍ਰੇਨਿੰਗ ਦੌਰਾਨ ਆਈ ਕਿਉਂਕਿ ਬੰਗਲੌਰ ਵਿੱਚ ਪਹਿਲਾਂ ਹੀ ਬੀਜ ਬੈਂਕ ਬਣਿਆ ਹੋਇਆ ਹੈ। ਜਿਸ ਨੂੰ ਦੇਖ ਕੇ ਉਹਨਾਂ ਵੱਲੋਂ ਪੰਜਾਬ ਵਿੱਚ ਹੀ ਅਜਿਹਾ ਬੀਜ ਬੈਂਕ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਜਿੰਨੇ ਵੀ ਬੀਜ ਦੀ ਲੋੜ ਹੋਵੇ ਉਹ ਆਪਣੇ ਬੀਜ ਬੈਂਕ ਤੋਂ ਉਪਲੱਬਧ ਕਰਾ ਸਕਣ। ਬੀਐਸਸੀ ਕੰਪਿਊਟਰ ਸਾਇੰਸ ਕਰਨ ਵਾਲੇ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਖੇਤੀ ਕਿੱਤਾ ਉਸ ਨੂੰ ਵਿਰਾਸਤ ਵਿੱਚ ਮਿਲਿਆ ਹੈ ਅਤੇ ਉਸ ਨੂੰ ਖੇਤੀ ਨਾਲ ਪਿਆਰ ਹੈ।
ਦੇਸ਼-ਵਿਦੇਸ਼ 'ਚ ਮੰਗ: ਸਮੇਂ ਸਮੇਂ ਸਿਰ ਉਹ ਖੇਤੀ ਨੂੰ ਲੈ ਕੇ ਨਵੇਂ-ਨਵੇਂ ਰਿਸਰਚ ਕਰਦੇ ਰਹਿੰਦਾ ਹੈ। ਇਸੇ ਕਰਕੇ ਉਸ ਵੱਲੋਂ ਹੁਣ ਤੱਕ 100 ਤੋਂ ਉੱਪਰ ਰੁੱਖਾਂ ਦੀ ਵਰਾਇਟੀ ਅਤੇ 150 ਤੋਂ 200 ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਦੇ ਕਿਸਮਾਂ ਵਾਲੇ ਬੀਜ ਤਿਆਰ ਕੀਤੇ ਗਏ ਹਨ। ਬੀਜਾਂ ਦੀ ਖੋਜ ਵਿੱਚ ਉਹ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆ ਵਿੱਚ ਵੀ ਜਾਂਦਾ ਰਹਿੰਦਾ ਹੈ। ਹੁਣ ਤਾਂ ਵੱਡੇ ਪੱਧਰ ਉੱਤੇ ਬੀਜਾਂ ਦਾ ਆਦਾਨ ਪ੍ਰਦਾਨ ਦੇਸ਼ ਤੋਂ ਬਾਹਰ ਵੀ ਹੋਣ ਲੱਗਿਆ ਹੈ। ਇਸ ਲਈ ਉਹ ਬੀਜ ਬੈਂਕ ਲਈ ਵੱਡੇ ਪੱਧਰ ਉੱਤੇ ਕੰਮ ਕਰ ਰਿਹਾ ਹੈ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਰਗੈਨਿਕ ਬੀਜ ਉਪਲੱਬਧ ਕਰਾ ਸਕੇ।