ਚੰਡੀਗੜ੍ਹ: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦਾ ਬੀਤਿਆ ਸਾਲ ਕਾਫੀ ਸ਼ਾਨਦਾਰ ਰਿਹਾ ਹੈ, ਜਿਸ ਲਈ ਗਾਇਕ ਨੂੰ ਕਈ ਤਰ੍ਹਾਂ ਦੇ ਸਨਮਾਨ ਵੀ ਮਿਲੇ ਅਤੇ ਗਾਇਕ ਨੇ ਕਈ ਤਰ੍ਹਾਂ ਦੇ ਰਿਕਾਰਡ ਵੀ ਤੋੜੇ। ਹੁਣ ਗਾਇਕ ਦਾ ਦਿਲ-ਲੂਮੀਨਾਟੀ ਟੂਰ ਭਾਰਤ ਵਿੱਚ ਖ਼ਤਮ ਹੋ ਗਿਆ ਹੈ, ਜਿਸ ਤੋਂ ਬਾਅਦ ਹਾਲ ਹੀ ਵਿੱਚ ਗਾਇਕ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨਾਲ ਖਾਸ ਮੁਲਾਕਾਤ ਕੀਤੀ, ਜਿਸ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਦਿਲਜੀਤ ਦੀ ਰੱਜ ਕੇ ਤਾਰੀਫ਼
ਹੁਣ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉਤੇ ਦਿਲਜੀਤ ਦੁਸਾਂਝ ਅਤੇ ਉਸਦੀ ਟੀਮ ਨਾਲ ਕੁੱਝ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜੋ ਕਾਫੀ ਸੁਰਖ਼ੀਆਂ ਬਟੋਰ ਰਹੀਆਂ ਹਨ, ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਭਾਜਪਾ ਆਗੂ ਸਿਰਸਾ ਨੇ ਲਿਖਿਆ, 'ਮੇਰੇ ਘਰ ਵਿੱਚ ਸਦਾ ਅਤੇ ਬੇਅੰਤ ਪ੍ਰਤਿਭਾਸ਼ਾਲੀ ਦਿਲਜੀਤ ਦੁਸਾਂਝ ਦਾ ਸੁਆਗਤ ਕਰਨ ਲਈ ਸੱਚਮੁੱਚ ਮਾਣ ਮਹਿਸੂਸ ਹੋਇਆ। ਆਪਣੀ ਵਿਸ਼ਵਵਿਆਪੀ ਸਫ਼ਲਤਾ ਦੇ ਬਾਵਜੂਦ ਉਹ ਜ਼ਮੀਨੀ ਅਤੇ ਡੂੰਘਾਈ ਨਾਲ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੀ ਨਿਮਰਤਾ ਅਤੇ ਪੰਜਾਬ ਪ੍ਰਤੀ ਪਿਆਰ ਸੱਚਮੁੱਚ ਪ੍ਰੇਰਨਾਦਾਇਕ ਹੈ। ਕਿਸੇ ਅਜਿਹੇ ਵਿਅਕਤੀ ਨਾਲ ਸਮਾਂ ਬਿਤਾਉਣਾ ਬਹੁਤ ਖੁਸ਼ੀ ਦੀ ਗੱਲ ਸੀ, ਜੋ ਨਾ ਸਿਰਫ ਸਾਡੀ ਸੰਸਕ੍ਰਿਤੀ ਨੂੰ ਇੰਨੀ ਮਿਹਰਬਾਨੀ ਅਤੇ ਸਾਦਗੀ ਨਾਲ ਵਿਸ਼ਵ ਪੱਧਰ 'ਤੇ ਪਹੁੰਚਾਉਂਦਾ ਹੈ, ਬਲਕਿ ਸਾਨੂੰ ਸਾਰਿਆਂ ਨੂੰ ਮਾਣ ਵੀ ਮਹਿਸੂਸ ਕਰਵਾਉਂਦਾ ਹੈ।'
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਨੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਗਾਇਕ ਨੇ ਬੀਤੀ 1 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਅਤੇ ਹੁਣ ਗਾਇਕ ਭਾਜਪਾ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ।
ਦਿਲਜੀਤ ਦੁਸਾਂਝ ਦਾ ਵਰਕਫਰੰਟ
ਉਲੇਖਯੋਗ ਹੈ ਕਿ ਦਿਲਜੀਤ ਦੁਸਾਂਝ ਦੇ ਸਿਤਾਰੇ ਇਸ ਸਮੇਂ ਅਸਮਾਨ ਛੂਹਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਜਲਦ ਹੀ 'ਬਾਰਡਰ 2' ਦੀ ਸ਼ੂਟਿੰਗ ਦਾ ਹਿੱਸਾ ਬਣਨ ਜਾ ਰਹੇ ਹਨ, ਇਸ ਤੋਂ ਇਲਾਵਾ ਗਾਇਕ-ਅਦਾਕਾਰ ਕੋਲ ਕਈ ਪੰਜਾਬੀ ਫਿਲਮਾਂ ਵੀ ਹਨ, ਜੋ ਇਸ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਸ ਵਿੱਚ 'ਸਰਦਾਰ 2' ਵਰਗੀਆਂ ਕਈ ਬਿਹਤਰੀਨ ਫਿਲਮਾਂ ਸ਼ਾਮਿਲ ਹਨ।
ਇਹ ਵੀ ਪੜ੍ਹੋ:
- "ਦਰ 'ਤੇ ਆਏ ਨੂੰ ਦੇਗ਼ ਪੱਕੀ, ਚੜ੍ਹ ਕੇ ਆਏ ਨੂੰ ਤੇਗ਼ ਪੱਕੀ..." ਜਨਮਦਿਨ ਉਤੇ ਗਿੱਪੀ ਗਰੇਵਾਲ ਦਾ ਪ੍ਰਸ਼ੰਸਕਾਂ ਨੂੰ ਖਾਸ ਤੋਹਫ਼ਾ, ਫਿਲਮ 'ਅਕਾਲ' ਦਾ ਟੀਜ਼ਰ ਕੀਤਾ ਰਿਲੀਜ਼
- ਕਿਸੇ ਸਮੇਂ ਕਰਦਾ ਸੀ ਹੋਟਲ 'ਚ ਵੇਟਰ ਦੀ ਨੌਕਰੀ, ਅੱਜ ਕੈਨੇਡਾ 'ਚ ਹੈ ਇਸ ਗਾਇਕ ਦਾ ਆਲੀਸ਼ਾਨ ਘਰ, ਤੁਹਾਨੂੰ ਵੀ ਪ੍ਰੇਰਿਤ ਕਰੇਗੀ ਕਲਾਕਾਰ ਦੇ ਸੰਘਰਸ਼ ਦੀ ਸਟੋਰੀ
- ਦੁਨੀਆਂ ਭਰ 'ਚ ਛਾਇਆ ਇਹ ਦੁਸਾਂਝ ਕਲਾਂ ਦਾ ਪੱਗ ਵਾਲਾ ਗੱਭਰੂ, 2024 'ਚ ਦੇਸ਼-ਵਿਦੇਸ਼ ਦੇ ਸ਼ੋਅਜ਼ ਨਾਲ ਤੋੜੇ ਕਈ ਵੱਡੇ ਰਿਕਾਰਡ