ਲੁਧਿਆਣਾ: ਨਵੇਂ ਸਾਲ ਵਿੱਚ ਠੰਢ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ 7 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ ਚਾਰ ਡਿਗਰੀ ਦੇ ਕਰੀਬ ਹੇਠਾਂ ਚੱਲ ਰਿਹਾ ਹੈ, ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਦੇ ਨੇੜੇ ਹੈ ਜੋ ਕਿ ਆਮ ਨਾਲੋਂ ਜਿਆਦਾ ਹੈ। ਜਿਸ ਤੋਂ ਜ਼ਾਹਿਰ ਹੈ ਕਿ ਦਿਨ ਵੇਲੇ ਜ਼ਿਆਦਾ ਠੰਢ ਪੈ ਰਹੀ ਹੈ।
ਪਹਾੜਾਂ ’ਚ ਬਰਫ਼ਬਾਰੀ ਕਾਰਨ ਵਧੀ ਠੰਢ
ਪਹਾੜਾਂ ਦੇ ਵਿੱਚ ਹੋਈ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਸ਼ੀਤ ਲਹਿਰ ਚੱਲ ਰਹੀ ਹੈ। ਜਿਸ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਬੀਤੇ ਦੋ ਦਿਨਾਂ ਵਿੱਚ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਅੰਦਰ ਧੁੱਪ ਵੀ ਨਹੀਂ ਨਿਕਲੀ ਹੈ। ਦਿਨ ਦੇ ਵਿੱਚ ਬੱਦਲਵਾਈ ਵਾਲਾ ਮੌਸਮ ਜਾਂ ਫਿਰ ਧੁੰਦ ਵਾਲਾ ਮੌਸਮ ਬਣਿਆ ਰਹਿੰਦਾ ਹੈ। ਸੰਘਣੀ ਧੁੰਦ ਨੂੰ ਲੈ ਕੇ ਅੱਜ ਦੇ ਲਈ ਮੌਸਮ ਵਿਗਿਆਨੀਆਂ ਵੱਲੋਂ ਓਰੇਂਜ ਅਤੇ ਕੱਲ੍ਹ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੀਂਹ ਦਾ ਅਲਰਟ ਜਾਰੀ
ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਦਿਨ ਅਤੇ ਰਾਤ ਦੇ ਤਾਪਮਾਨ ਘੱਟ ਚੱਲ ਰਹੇ ਹਨ, ਜਿਸ ਦੇ ਚੱਲਦੇ ਠੰਢ ਦਾ ਪ੍ਰਕੋਪ ਵਧ ਰਿਹਾ ਹੈ। ਉਹਨਾਂ ਨੇ ਦੱਸਿਆ ਕੀ ਸੰਘਣੀ ਧੁੰਦ ਨੂੰ ਲੈ ਕੇ ਅੱਜ ਲਈ ਓਰੇਂਜ ਅਤੇ ਕੱਲ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੀ 5 ਤੋ 7 ਜਨਵਰੀ ਨੂੰ ਕਿਤੇ ਕਿਤੇ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ। ਜਿਸ ਦੇ ਨਾਲ ਠੰਢ ਹੋਰ ਵਧ ਸਕਦੀ ਹੈ। ਸੰਘਣੀ ਧੁੰਦ ਦੇ ਚੱਲਦਿਆਂ ਸਫ਼ਰ ਕਰਨ ਵਾਲੇ ਸਾਵਧਾਨੀ ਵਰਤਣ ਅਤੇ ਹੌਲੀ ਚੱਲਣ। ਉਨ੍ਹਾਂ ਨੇ ਕਿਹਾ ਕਿ ਠੰਢ ਦੇ ਪ੍ਰਕੋਪ ਤੋਂ ਬਚਣ ਲਈ ਗਰਮ ਕੱਪੜੇ ਪਾ ਕੇ ਹੀ ਬਾਹਰ ਨਿਕਲੋ।