ਲਖਨਊ/ਏਕਾਨਾ: IPL 2024 ਦਾ 34ਵਾਂ ਮੈਚ ਲਖਨਊ ਸੁਪਰ ਜਾਇੰਟਸ ਬਨਾਮ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਣ ਜਾ ਰਿਹਾ ਹੈ। ਇਹ ਮੈਚ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਐਲਐਸਜੀ ਆਪਣੇ ਘਰੇਲੂ ਮੈਦਾਨ ਦਾ ਫਾਇਦਾ ਉਠਾਉਣਾ ਚਾਹੇਗੀ ਅਤੇ ਜਿੱਤ ਦੀ ਲੀਹ 'ਤੇ ਵਾਪਸੀ ਕਰਨਾ ਚਾਹੇਗੀ। ਉਥੇ ਹੀ ਸੀਐਸਕੇ ਇਸ ਮੈਚ ਨੂੰ ਜਿੱਤ ਕੇ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣਾ ਚਾਹੇਗਾ। ਇਸ ਲਈ ਇਸ ਮੈਚ ਤੋਂ ਪਹਿਲਾਂ ਆਓ ਦੋਵਾਂ ਟੀਮਾਂ ਦੇ ਹੈੱਡ-ਟੂ-ਹੈੱਡ ਅੰਕੜੇ, ਸੰਭਾਵਿਤ ਪਲੇਇੰਗ-11 ਅਤੇ ਪਿੱਚ ਦੀ ਰਿਪੋਰਟ ਜਾਣਦੇ ਹਾਂ।
ਦੋਵਾਂ ਟੀਮਾਂ ਦਾ ਇਸ ਸੀਜ਼ਨ 'ਚ ਹੁਣ ਤੱਕ ਦਾ ਪ੍ਰਦਰਸ਼ਨ: ਲਖਨਊ ਨੇ ਇਸ ਸੀਜ਼ਨ 'ਚ ਹੁਣ ਤੱਕ 6 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ 3 ਮੈਚ ਜਿੱਤੇ ਹਨ ਅਤੇ 3 ਮੈਚ ਹਾਰੇ ਹਨ। ਫਿਲਹਾਲ ਐਲਐਸਜੀ ਦੀ ਟੀਮ 6 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹੈ। ਜਦਕਿ CSK ਨੇ ਹੁਣ ਤੱਕ ਕੁੱਲ 6 ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 4 ਮੈਚ ਜਿੱਤੇ ਹਨ ਅਤੇ 2 ਮੈਚ ਹਾਰੇ ਹਨ। ਫਿਲਹਾਲ CSK ਦੀ ਟੀਮ 8 ਅੰਕਾਂ ਨਾਲ ਦੂਜੇ ਸਥਾਨ 'ਤੇ ਬਰਕਰਾਰ ਹੈ।
LSG ਬਨਾਮ CSK ਹੈੱਡ ਟੂ ਹੈਡ: ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 3 ਮੈਚ ਖੇਡੇ ਗਏ ਹਨ। ਇਸ ਦੌਰਾਨ CSK ਦੀ ਟੀਮ ਨੇ 1 ਮੈਚ ਜਿੱਤਿਆ ਹੈ। ਉਥੇ ਹੀ LSG ਨੇ ਵੀ 1 ਮੈਚ ਜਿੱਤ ਲਿਆ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਕ ਮੈਚ ਬੇ-ਅਨਤੀਜਾ ਵੀ ਰਿਹਾ ਹੈ। ਅਜਿਹੇ 'ਚ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਸਖ਼ਤ ਹੋਣ ਵਾਲਾ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਦੋਵੇਂ ਟੀਮਾਂ ਬਰਾਬਰੀ 'ਤੇ ਹਨ।
ਪਿੱਚ ਰਿਪੋਰਟ:ਏਕਾਨਾ ਦੀ ਪਿੱਚ ਨੂੰ ਹੌਲੀ ਮੰਨਿਆ ਜਾਂਦਾ ਹੈ। ਅਜਿਹੇ 'ਚ ਇੱਥੇ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲਦੀ ਹੈ। ਇਸ ਪਿੱਚ 'ਤੇ ਸਪਿਨ ਗੇਂਦਬਾਜ਼ ਆਪਣੀਆਂ ਗੇਂਦਾਂ ਨਾਲ ਵਿਕਟਾਂ ਲੈਂਦੇ ਨਜ਼ਰ ਆਉਂਦੇ ਹਨ। ਇਸ ਪਿੱਚ 'ਤੇ ਤੇਜ਼ ਗੇਂਦਬਾਜ਼ ਵੀ ਇਕ ਗੇਂਦ ਨੂੰ ਹੌਲੀ ਕਰ ਕੇ ਕਿਫ਼ਾਇਤੀ ਸਾਬਤ ਹੋ ਸਕਦੇ ਹਨ। ਪਿੱਚ 'ਤੇ ਬੱਲੇਬਾਜ਼ਾਂ ਦਾ ਸਮਰਥਨ ਘੱਟ ਹੈ ਪਰ ਪਿਛਲੇ ਕੁਝ ਮੈਚਾਂ 'ਚ ਦੇਖਿਆ ਗਿਆ ਹੈ ਕਿ ਬੱਲੇਬਾਜ਼ ਸੈੱਟ ਹੋਣ ਤੋਂ ਬਾਅਦ ਕਾਫੀ ਦੌੜਾਂ ਬਣਾਉਂਦੇ ਨਜ਼ਰ ਆ ਰਹੇ ਹਨ।