ਨਵੀਂ ਦਿੱਲੀ— ਵੱਡੀਆਂ-ਵੱਡੀਆਂ ਗੱਲਾਂ ਕਰਨ ਤੋਂ ਬਾਅਦ ਪਾਕਿਸਤਾਨ ਦਾ ਰਵੱਈਆ ਹੁਣ ਨਰਮ ਹੁੰਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਏ ਸਿਆਸੀ ਵਿਰੋਧ ਦੇ ਬਾਅਦ, ਚੈਂਪੀਅਨਸ ਟਰਾਫੀ 2025 ਪੂਰੀ ਤਰ੍ਹਾਂ ਕਿਸੇ ਹੋਰ ਦੇਸ਼ ਵਿੱਚ ਆਯੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ।
ਇਸਲਾਮਾਬਾਦ 'ਚ ਚੱਲ ਰਹੇ ਸਿਆਸੀ ਵਿਰੋਧ ਦਾ ਸਿੱਧਾ ਅਸਰ ਖੇਡਾਂ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਸ਼੍ਰੀਲੰਕਾ ਦੀ ‘ਏ’ ਟੀਮ ਹੁਣ ਵਾਪਸ ਆਪਣੇ ਦੇਸ਼ ਪਰਤ ਰਹੀ ਹੈ। ਉਸ ਨੇ ਪਾਕਿਸਤਾਨ ਸ਼ਾਹੀਨਜ਼ ਖਿਲਾਫ ਚੱਲ ਰਹੀ ਵਨਡੇ ਸੀਰੀਜ਼ ਅੱਧ ਵਿਚਾਲੇ ਛੱਡ ਦਿੱਤੀ ਹੈ।
ਸੂਤਰਾਂ ਨੇ ਆਈਏਐਨਐਸ ਨੂੰ ਦੱਸਿਆ, 'ਇਹ ਆਈਸੀਸੀ ਬੋਰਡ ਦੀ ਵਰਚੁਅਲ ਮੀਟਿੰਗ ਤੋਂ ਇਕ ਦਿਨ ਪਹਿਲਾਂ ਹੋਇਆ, ਜੋ 2025 ਚੈਂਪੀਅਨਜ਼ ਟਰਾਫੀ ਦੇ ਪ੍ਰੋਗਰਾਮ ਬਾਰੇ ਫੈਸਲਾ ਕਰੇਗੀ। ਅਜਿਹੇ 'ਚ ਇਸ ਮਾਮਲੇ ਨੂੰ ਲੈ ਕੇ ਸਸਪੈਂਸ ਵਧ ਗਿਆ ਹੈ। ਕੁਝ ਹੋਰ ਭਾਗੀਦਾਰ ਦੇਸ਼ਾਂ ਦੁਆਰਾ ਉਠਾਏ ਗਏ ਸੁਰੱਖਿਆ ਚਿੰਤਾਵਾਂ ਦੇ ਕਾਰਨ, ਸਮਾਗਮ ਨੂੰ ਪਾਕਿਸਤਾਨ ਤੋਂ ਬਾਹਰ ਲਿਜਾਏ ਜਾਣ ਦਾ ਖ਼ਤਰਾ ਹੈ। ਵਧਦੇ ਦਬਾਅ ਦੇ ਕਾਰਨ, PCB ਹੁਣ ਇਸਨੂੰ ਹਾਈਬ੍ਰਿਡ ਮਾਡਲ ਵਿੱਚ ਆਯੋਜਿਤ ਕਰਨ ਲਈ ਸਹਿਮਤ ਹੋ ਸਕਦਾ ਹੈ।
ਦੇਸ਼ 'ਚ ਅੰਤਰਰਾਸ਼ਟਰੀ ਕ੍ਰਿਕਟ ਦੇ ਸਫਲਤਾਪੂਰਵਕ ਆਯੋਜਨ ਦੇ ਪਾਕਿਸਤਾਨ ਦੇ ਦਾਅਵਿਆਂ ਨੂੰ ਮੰਗਲਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਸ਼੍ਰੀਲੰਕਾ ਏ ਟੀਮ ਨੇ ਪਾਕਿਸਤਾਨੀ ਰਾਜਧਾਨੀ 'ਚ ਚੱਲ ਰਹੀ ਹਫੜਾ-ਦਫੜੀ ਕਾਰਨ ਆਪਣਾ ਦੌਰਾ ਰੱਦ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਹੀ ਪੀਸੀਬੀ ਨੇ ਪਾਕਿਸਤਾਨ ਸ਼ਾਹੀਨਜ਼ ਅਤੇ ਸ਼੍ਰੀਲੰਕਾ ਏ ਵਿਚਾਲੇ ਹੋਣ ਵਾਲੇ ਆਖਰੀ ਦੋ 50 ਓਵਰਾਂ ਦੇ ਮੈਚ ਮੁਲਤਵੀ ਕਰ ਦਿੱਤੇ ਹਨ। ਰੱਦ ਕੀਤੇ ਗਏ ਮੈਚ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਖੇਡੇ ਜਾਣੇ ਸਨ।
ਇਸ ਸਮੇਂ ਪਾਕਿਸਤਾਨ ਦੀ ਰਾਜਧਾਨੀ ਵਿੱਚ ਪੂਰੀ ਤਰ੍ਹਾਂ ਨਾਲ ਅਰਾਜਕਤਾ ਦਾ ਮਾਹੌਲ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਅਤੇ ਜਨਰਲ ਅਸੀਮ ਮੁਨੀਰ ਦੀ ਫੌਜ ਵਿਚਾਲੇ ਟਕਰਾਅ ਵਧ ਗਿਆ ਹੈ। ਪਾਕਿਸਤਾਨ 1996 ਤੋਂ ਬਾਅਦ ਆਪਣੇ ਪਹਿਲੇ ਆਈਸੀਸੀ ਈਵੈਂਟ ਦੀ ਮੇਜ਼ਬਾਨੀ ਕਰਨ ਦੀ ਉਮੀਦ ਕਰ ਰਿਹਾ ਸੀ, ਪਰ ਇਸ ਘਟਨਾ ਤੋਂ ਬਾਅਦ ਇਸ ਦੀ ਸੰਭਾਵਨਾ ਪਤਲੀ ਨਜ਼ਰ ਆ ਰਹੀ ਹੈ।
ਫਿਲਹਾਲ ਪਾਕਿਸਤਾਨ ਦੀ ਰਾਜਧਾਨੀ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਕਿਉਂਕਿ ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਕ੍ਰਿਕਟਰ ਇਮਰਾਨ ਖਾਨ ਦੇ ਸਮਰਥਕਾਂ ਨੇ ਵੱਡੀ ਗਿਣਤੀ 'ਚ ਰਾਜਧਾਨੀ ਨੂੰ ਘੇਰਾ ਪਾ ਲਿਆ ਹੈ। ਭਾਰਤ ਵੱਲੋਂ ਚੈਂਪੀਅਨਜ਼ ਟਰਾਫੀ ਖੇਡਣ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਗੁਆਂਢੀ ਦੇਸ਼ ਦੀਆਂ ਮੁਸ਼ਕਲਾਂ ਵਧ ਗਈਆਂ ਸਨ।
ਅਜਿਹੇ ਵਿੱਚ ਉੱਥੇ ਚੱਲ ਰਹੀ ਹਫੜਾ-ਦਫੜੀ ਨੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨੂੰ ਹੋਰ ਵੀ ਅਸੰਭਵ ਬਣਾ ਦਿੱਤਾ ਹੈ। ਹੁਣ ICC ਜਲਦ ਹੀ ਫੈਸਲਾ ਕਰੇਗਾ ਕਿ ਪਾਕਿਸਤਾਨ ਤੋਂ ਮੇਜ਼ਬਾਨੀ ਖੋਹ ਲਈ ਜਾਵੇਗੀ ਜਾਂ ਕੋਈ ਹੋਰ ਵਿਕਲਪ ਹੋਵੇਗਾ। ਸ਼੍ਰੀਲੰਕਾ ਏ ਟੀਮ ਦਾ ਦੌਰਾ ਰੱਦ ਹੋਣ ਕਾਰਨ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਜਾਣ ਵਾਲੇ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਹੋ ਸਕਦੀਆਂ ਹਨ।