ਚੰਡੀਗੜ੍ਹ:ਮਾਨ ਸਰਕਾਰ ਨੇ ਪੰਜਾਬ ਵਿਧਾਨਸਭਾ ਦਾ 2 ਰੋਜਾ ਸਪੈਸ਼ਲ ਸੈਸ਼ਨ ਬੁਲਾਇਆ ਹੈ, ਜਿਸ ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਸ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਖਹਿਰਾ, ਭਾਜਪਾ ਆਗੂ ਅਸ਼ਵਨੀ ਸ਼ਰਮਾ ਸਣੇ ਵਿਰੋਧੀਆਂ ਨੇ ਪੰਜਾਬ ਦੀ ਮਾਨ ਸਰਕਾਰ ਉੱਤੇ ਵੱਡੇ ਸਵਾਲ ਖੜੇ ਕੀਤੇ ਹਨ। ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਤਾਂ ਇਸ ਸੈਸ਼ਨ ਨੂੰ 'ਡੰਗ ਟਪਾਓ' ਸੈਸ਼ਨ ਤੱਕ ਕਰਾਰ ਕਰ ਦਿੱਤਾ।
ਕੀ ਬੋਲੇ ਪ੍ਰਤਾਪ ਸਿੰਘ ਬਾਜਵਾ- "ਜਿੰਨੀ ਕ੍ਰਪਟ ਇਹ ਸਰਕਾਰ, ਇੰਨੀ ਕਦੇ ਨੀ ਆਈ..."
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਉੱਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ, "ਪਹਿਲਾਂ ਇਹੀ ਸਦਨ ਦੀ ਕਾਰਵਾਈ ਲੰਮੀ ਕਰਨ ਦੀ ਗੱਲ ਕਰਦੇ ਸੀ, ਹੁਣ ਇਹ ਭੱਜਦੇ ਨਜ਼ਰ ਆ ਰਹੇ ਹਨ। ਸਰਦ ਰੁੱਤ ਸੈਸ਼ਨ ਤਾਂ ਬੁਲਾਇਆ ਹੀ ਨਹੀਂ ਗਿਆ। ਗੁੰਡਾਗਰਦੀ ਦਾ ਦੌਰ, ਗੈਂਗਸਟਰਾਂ ਵੱਲੋਂ ਫਿਰੌਤੀਆਂ ਮੰਗੇ ਜਾਣ ਦਾ ਦੌਰ ਚੱਲ ਰਿਹਾ ਹੈ, ਕੋਈ ਕਾਨੂੰਨ ਵਿਵਸਥਾ ਨਹੀਂ ਹੈ। 3 ਸਾਲ ਬਾਅਦ ਪਤਾ ਲੱਗਾ ਕਿ ਮੰਤਰੀ ਉਸ ਮਹਿਕਮੇ ਦੇ ਬਣਾਏ ਜਿਹੜਾ ਮਹਿਕਮਾ ਹੈ ਹੀ ਨਹੀਂ ਹੈ। ਸਪੈਸ਼ਲ ਸੈਸ਼ਨ ਨਾਂ ਦਿੱਤਾ, ਪਰ ਇਸ ਵਿੱਚ ਸਪੈਸ਼ਲ ਕੀ ਹੈ? ਇਨ੍ਹਾਂ ਕੋਲ ਕੋਈ ਕੰਮ ਹੈ ਹੀ ਨਹੀਂ ਦਿਖਾਉਣ ਲਈ। ਜਿੰਨੀ ਕ੍ਰਪਟ ਇਹ ਸਰਕਾਰ, ਇੰਨੀ ਕੋਈ ਸਰਕਾਰ ਨਹੀਂ ਹੋਈ। ਆਪ ਸਰਕਾਰ ਦੇ ਸਾਰੇ ਮੰਤਰੀ ਅਤੇ ਵਿਧਾਇਕ ਰਿਸ਼ਵਤ ਲੈਣ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ, ਇਹ ਦੋਵੇਂ ਹੱਥਾਂ ਨਾਲ ਪੈਸੇ ਇੱਕਠੇ ਕਰ ਰਹੇ ਹਨ।"
"ਮਾਈਨਿੰਗ ਦਾ ਸਾਰਾ ਪੈਸਾ ਦਿੱਲੀ ਜਾ ਰਿਹੈ"
ਪ੍ਰਤਾਪ ਬਾਜਵਾ ਨੇ ਸੀਐਮ ਭਗਵੰਤ ਮਾਨ ਨੂੰ ਸਵਾਲ ਕਰਦਿਆ ਕਿਹਾ ਕਿ, "ਕੇਜਰੀਵਾਲ ਨੇ ਕਿਹਾ ਸੀ ਕਿ 20 ਹਜ਼ਾਰ ਕਰੋੜ ਰੁਪਏ ਮਾਈਨਿੰਗ ਵਿੱਚੋਂ ਹਰ ਸਾਲ ਇਕੱਠੇ ਕਰਾਂਗੇ, ਐਵਰੇਜ਼ ਆਈ 287 ਕਰੋੜ ਰੁਪਏ, ਬਾਕੀ ਬਚੇ ਪੈਸੇ ਕਿੱਥੇ ਗਏ ? ਮਾਈਨਿੰਗ ਦਾ ਸਾਰਾ ਪੈਸਾ ਦਿੱਲੀ ਜਾ ਰਿਹਾ ਹੈ ਜਾਂ ਸੀਐਮਓ ਜਾ ਰਿਹਾ ਹੈ ? ਪੰਜਾਬ ਪੁਲਿਸ ਵਿੱਚ ਜੋ ਤਬਾਦਲੇ ਹੋ ਰਹੇ ਹਨ, ਇਹ ਵੀ ਦਿੱਲੀ ਤੋਂ ਹੋ ਰਹੇ ਹਨ। ਦਿੱਲੀ ਤੋਂ ਹਾਰੇ ਮੰਤਰੀ ਹੁਣ ਪੰਜਾਬ ਦੇ ਸਕੂਲਾਂ ਦਾ ਦੌਰਾ ਕਰ ਰਹੇ ਹਨ। ਅਮਰੂਦਾਂ ਦੇ ਘੁਟਾਲੇ ਵਿੱਚ ਹੇਠਲੇ ਸਿਪਾਹੀ ਗ੍ਰਿਫਤਾਰ ਕਰ ਲਏ, ਜੋ ਮੁੱਖ ਸੀ, ਉਨ੍ਹਾਂ ਨੂੰ ਕੋਈ ਪੁੱਛਦਾ ਨਹੀਂ। ਜੇਲ੍ਹ ਵਿੱਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿੱਚ ਤਾਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਜ਼ਿੰਮੇਵਾਰ ਹਨ।"
ਆਪਣੇ ਆਪ ਨੂੰ ਇੱਕ ਜੁੱਟ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ: ਭਾਜਪਾ ਆਗੂ