ਲੁਧਿਆਣਾ: ਸ਼ਹਿਰ ਵਿੱਚ ਅੱਜ ਵਿਧਾਨ ਸਭਾ ਕਮੇਟੀ ਦੀ ਅਹਿਮ ਬੈਠਕ ਹੈ, ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਅਤੇ ਹੋਰ ਨੇੜੇ ਤੇੜੇ ਦੇ ਇਲਾਕਿਆਂ ਦੇ ਵਿਧਾਇਕ ਸ਼ਾਮਿਲ ਹੋਏ ਹਨ। ਬੈਠਕ ਵਿੱਚ ਲੁਧਿਆਣਾ ਦੇ ਅਤੇ ਨੇੜੇ ਤੇੜੇ ਦੇ ਇਲਾਕੇ ਦੇ ਵਿਕਾਸ ਪ੍ਰੋਜੈਕਟਾਂ ਦੇ ਵਿੱਚ ਆ ਰਹੀਆਂ ਰੁਕਾਵਟਾਂ ਅਤੇ ਹੋਰ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਹਲਵਾਰਾ ਏਅਰਪੋਰਟ ਲੁਧਿਆਣਾ ਦੇ ਬੁੱਢੇ ਨਾਲਾ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਸਣੇ ਹੋਰ ਕਈ ਮੁੱਦਿਆਂ ਉੱਤੇ ਵਿਚਾਰ ਚਰਚਾ ਹੋਵੇਗੀ।
ਇਸ ਨੂੰ ਲੈ ਕੇ ਲੁਧਿਆਣਾ ਦੇ ਕੇਂਦਰੀ ਹਲਕੇ ਤੋਂ ਐਮਐਲਏ ਅਸ਼ੋਕ ਪੱਪੀ ਨੇ ਕਿਹਾ ਹੈ ਕਿ ਸਾਰੇ ਮੁੱਦੇ ਵਿਚਾਰੇ ਜਾਣਗੇ। ਕੋਈ ਵੀ ਕੰਮ ਪਿੱਛੇ ਨਾ ਰਹਿ ਜਾਵੇ ਜਾਂ ਕਿਸੇ ਵੀ ਵਿਕਾਸ ਦੇ ਕੰਮ ਵਿੱਚ ਕੋਈ ਅੜਚਨ ਨਾ ਆਵੇ, ਇਸ ਕਰਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਾਡੇ ਹੋਰ ਸਹਿਯੋਗੀ ਐਮਐਲਏ ਵੀ ਇਸ ਬੈਠਕ ਵਿੱਚ ਮੌਜੂਦ ਰਹਿਣਗੇ।
ਵਿਰੋਧੀ ਖੁਦ ਤੋੜਦੇ ਰਹੇ ਪ੍ਰੋਟੋਕਾਲ
ਉੱਥੇ ਹੀ ਦੂਜੇ ਪਾਸੇ ਗੁਰਪ੍ਰੀਤ ਗੋਗੀ ਦੀ ਪਤਨੀ ਨੂੰ ਸਥਾਨਕ ਸਰਕਾਰਾਂ ਮੰਤਰੀ ਦੀ ਆਮਦ 'ਤੇ ਸਟੇਜ ਉੱਤੇ ਬਿਠਾਉਣ ਨੂੰ ਲੈ ਕੇ ਹੋਏ ਵਿਵਾਦ ਉੱਤੇ ਐਮਐਲਏ ਅਸ਼ੋਕ ਪੱਪੀ ਨੇ ਕਿਹਾ ਕਿ ਇੱਕ ਮਹਿਲਾ ਨੂੰ ਜੇਕਰ ਮਾਨ ਸਨਮਾਨ ਦਿੱਤਾ ਗਿਆ ਹੈ ਤਾਂ ਕਿਸੇ ਨੂੰ ਇਸ ਵਿੱਚ ਕੀ ਤਕਲੀਫ ਹੈ। ਉਨ੍ਹਾਂ ਕਿਹਾ ਕਿ ਉਹ ਸਾਡੀ ਭੈਣ ਹੈ। ਇਸ ਕਰਕੇ ਇਸ ਨੂੰ ਵਿਰੋਧੀ ਪਾਰਟੀਆਂ ਵੱਲੋਂ ਮੁੱਦਾ ਨਹੀਂ ਬਣਾਉਣਾ ਚਾਹੀਦਾ। ਆਮ ਆਦਮੀ ਪਾਰਟੀ ਪ੍ਰੋਟੋਕੋਲ ਦੀ ਪਾਲਣਾ ਕਰਦੀ ਹੈ ਜਦਕਿ ਪ੍ਰੋਟੋਕੋਲ ਇਹ ਵਿਰੋਧੀ ਜਿਹੜੇ ਸਵਾਲ ਚੁੱਕ ਰਹੇ ਹਨ, ਇਹ ਆਪ ਤੋੜਦੇ ਰਹੇ ਹਨ।
"ਕੰਮ ਵੱਲ ਧਿਆਨ ਦੇਣ, ਰੌਲਾ ਨਾ ਪਾਓ"
ਇਸ ਮੌਕੇ ਗੱਲਬਾਤ ਕਰਦੇ ਹੋਏ ਐਮਐਲਏ ਪੱਪੀ ਨੇ ਉਹ ਕਿਹਾ ਕਿ ਕਾਂਗਰਸੀ ਕੌਂਸਲਰ ਜੋ ਕੰਮ ਨਾ ਹੋਣ ਦੇ ਸਵਾਲ ਖੜੇ ਕਰ ਰਹੇ ਹਨ, ਉਹ ਸਿਰਫ਼ ਬਹਾਨੇ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਘਰ ਦੇ ਵਿੱਚ ਬਿਠਾਇਆ ਹੈ ਅਤੇ ਹੁਣ ਕੰਮ ਅਸੀਂ ਪੂਰੇ ਕਰ ਰਹੇ ਹਨ। ਇਸ ਕਰਕੇ ਉਹ ਬਹੁਤਾ ਰੌਲਾ ਨਾ ਪਾਉਣ ਅਤੇ ਕੰਮ ਵੱਲ ਧਿਆਨ ਦੇਣ।