ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਅਲਹਦਾ ਵਿਸ਼ਾ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਇੱਕ ਚਰਚਿਤ ਨਾਂਅ ਵਜੋਂ ਸ਼ੁਮਾਰ ਕਰਵਾ ਰਹੀ ਹੈ ਪੰਜਾਬੀ ਫਿਲਮ 'ਮਿੱਠੜੇ', ਜਿਸ ਵਿੱਚ ਪਾਲੀਵੁੱਡ ਦੀਆਂ ਦੋ ਬਿਹਤਰੀਨ ਅਦਾਕਾਰਾ ਤਾਨੀਆ ਅਤੇ ਰੂਪੀ ਗਿੱਲ ਪਹਿਲੀ ਵਾਰ ਇਕੱਠਿਆਂ ਸਕਰੀਨ ਸ਼ੇਅਰ ਕਰਨ ਜਾ ਰਹੀਆਂ ਹਨ, ਜਿੰਨ੍ਹਾਂ ਦੀਆਂ ਲੀਡਿੰਗ ਭੂਮਿਕਾਵਾਂ ਨਾਲ ਸਜੀ ਇਹ ਫਿਲਮ ਜਲਦ ਦੁਨੀਆਂ ਭਰ ਵਿੱਚ ਪ੍ਰਦਰਸ਼ਿਤ ਹੋਣ ਜਾ ਰਹੀ ਹੈ।
'ਅੰਬਰਦੀਪ ਪ੍ਰੋਡੋਕਸ਼ਨ' ਅਤੇ 'ਸਹਾਰਨ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅੰਬਰਦੀਪ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਅਰਥ-ਭਰਪੂਰ ਅਤੇ ਸ਼ਾਨਦਾਰ ਫਿਲਮਾਂ ਦਾ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
ਪਰਿਵਾਰਿਕ ਅਤੇ ਡ੍ਰਾਮੈਟਿਕ ਕਹਾਣੀ-ਸਾਰ ਅਧਾਰਿਤ ਇਸ ਦਿਲ-ਟੁੰਬਵੀਂ ਫਿਲਮ ਨੂੰ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਇਆ ਗਿਆ ਹੈ, ਜਿਸ ਵਿੱਚ ਕਾਫ਼ੀ ਚੈਲੇਜਿੰਗ ਭੂਮਿਕਾਵਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੀਆਂ ਅਦਾਕਾਰਾਂ ਤਾਨੀਆ ਅਤੇ ਰੂਪੀ ਗਿੱਲ, ਜੋ ਅਪਣੀ ਇਸ ਬਹੁ-ਚਰਚਿਤ ਫਿਲਮ ਵਿੱਚ ਅਪਣੇ ਹਾਲੀਆਂ ਕਿਰਦਾਰਾਂ ਨਾਲੋਂ ਬਿਲਕੁੱਲ ਹੱਟਵੇਂ ਰੋਲਜ਼ ਵਿੱਚ ਨਜ਼ਰ ਆਉਣਗੀਆਂ।
ਹਾਲ ਹੀ ਵਿੱਚ ਰਿਲੀਜ਼ ਹੋਈ ਧਾਰਮਿਕ ਅਤੇ ਪੀਰੀਅਡ ਫਿਲਮ 'ਬੀਬੀ ਰਜਨੀ' ਨਾਲ ਵਿਸ਼ਵ-ਭਰ ਦੇ ਸਿਨੇਮਾ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਰੂਪੀ ਗਿੱਲ, ਜਿਸ ਵੱਲੋਂ ਬੀਤੇ ਦਿਨੀਂ ਸਾਹਮਣੇ ਆਈ ਪੰਜਾਬੀ ਫਿਲਮ 'ਮਝੈਲ' ਵਿੱਚ ਅਦਾਕਾਰ ਦੇਵ ਖਰੌੜ ਦੇ ਨਾਲ ਨਿਭਾਈ ਲੀਡਿੰਗ ਭੂਮਿਕਾ ਨੂੰ ਵੀ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ।
ਓਧਰ ਅਦਾਕਾਰਾ ਤਾਨੀਆ ਦੀਆਂ ਮੌਜੂਦਾ ਫਿਲਮੀ ਸਰਗਰਮੀਆਂ ਦੀ ਗੱਲ ਕਰੀਏ ਤਾਂ ਹੁਣੇ ਜਿਹੇ ਹੀ ਰਿਲੀਜ਼ ਹੋਈ ਅਤੇ ਜਗਜੀਤ ਸੰਧੂ ਸਟਾਰਰ 'ਇੱਲਤੀ' ਵਿੱਚ ਵੀ ਉਸ ਵੱਲੋਂ ਨਿਭਾਈ ਲੀਡਿੰਗ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ, ਜਿਸ ਤੋਂ ਬਾਅਦ ਆਉਣ ਵਾਲੇ ਦਿਨਾਂ ਵਿੱਚ ਉਹ ਕੁਝ ਹੋਰ ਵੱਡੀਆਂ ਫਿਲਮਾਂ ਵਿੱਚ ਵੀ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਏਗੀ।
ਪਾਲੀਵੁੱਡ ਗਲਿਆਰਿਆਂ ਵਿੱਚ ਖਿੱਚ ਅਤੇ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ ਬਣੀ ਉਕਤ ਫਿਲਮ ਦੁਆਰਾ ਇੱਕ ਨਵੇਂ ਚਿਹਰੇ ਲਕਸ਼ ਦੁਲੇਹ ਨੂੰ ਵੀ ਲਾਂਚ ਕੀਤਾ ਜਾ ਰਿਹਾ ਹੈ, ਜਿਸ ਵੱਲੋਂ ਤਾਨੀਆ ਅਤੇ ਰੂਪੀ ਗਿੱਲ ਨਾਲ ਮਹੱਤਵਪੂਰਨ ਰੋਲ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: