ਅੰਮ੍ਰਿਤਸਰ:ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਪੱਤਰ ਦਾਖਲ ਕੀਤੇ ਜਾ ਰਹੇ ਹਨ ਅਤੇ ਇਸ ਦੌਰਾਨ ਜ਼ਰੂਰੀ ਕਾਗਜ਼ਾਤ ਨੂੰ ਪੂਰਾ ਕਰਨ ਦੇ ਲਈ ਸਰਪੰਚੀ ਅਤੇ ਪੰਚੀ ਦੇ ਚਾਹਵਾਨ ਉਮੀਦਵਾਰ ਪੱਬਾਂ ਭਾਰ ਹੋਏ ਨਜ਼ਰ ਆ ਰਹੇ ਹਨ। ਵੱਖ-ਵੱਖ ਹਲਕਿਆਂ ਤੋਂ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਹੋਏ ਵਿਰੋਧੀ ਵਿਖਾਈ ਦੇ ਰਹੇ ਹਨ। ਪੰਚੀ ਅਤੇ ਸਰਪੰਚੀ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਲੋੜੀਦੇ ਕਾਗਜ ਨਾ ਮਿਲਣ ਦੇ ਉੱਤੇ ਪ੍ਰਸ਼ਾਸਨ ਉੱਤੇ ਰੋਸ ਜਤਾਇਆ ਜਾ ਰਿਹਾ ਹੈ।
'ਜਾਣਬੁੱਝ ਕੇ ਨਾਮਜ਼ਦਗੀਆਂ ਭਰਨ ਤੋਂ ਕੀਤਾ ਜਾ ਰਿਹਾ ਲੇਟ' (ETV BHARAT PUNJAB (ਰਿਪੋਟਰ,ਅੰਮ੍ਰਿਤਸਰ))
ਅਕਾਲੀ ਉਮੀਦਵਾਰਾਂ ਦਾ ਇਲਜ਼ਾਮ
ਬਲਾਕ ਦਫਤਰ ਜੰਡਿਆਲਾ ਗੁਰੂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਿਤ ਆਗੂਆਂ ਅਤੇ ਵਰਕਰਾਂ ਵੱਲੋਂ ਇਕੱਤਰ ਹੋ ਕੇ ਬੀਡੀਪੀਓ ਜੰਡਿਆਲਾ ਗੁਰੂ ਦੇ ਉੱਤੇ ਕਥਿਤ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਉਹਨਾਂ ਨੂੰ ਪਾਰਟੀ ਪੱਧਰ ਦੇ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਾਣਬੁੱਝ ਕੇ ਉਹਨਾਂ ਨੂੰ ਚੁੱਲਾ ਟੈਕਸ, ਐਨਓਸੀ ਅਤੇ ਵੋਟਰ ਲਿਸਟਾਂ ਸਮੇਤ ਜ਼ਰੂਰੀ ਕਾਗਜ਼ਾਤ ਦੇਣ ਤੋਂ ਪ੍ਰਸ਼ਾਸਨ ਭੱਜ ਰਿਹਾ ਹੈ। ਇਲਜ਼ਾਮ ਲਗਾਉਂਦੇ ਹੋਏ ਹਲਕਾ ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸਤਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅੱਖੋਂ ਪਰੋਖੇ ਕਰ ਰਹੇ ਹਨ। ਉਹਨਾਂ ਕਿਹਾ ਕਿ ਚੋਣਾਂ ਲੜਨਾ ਹਰ ਇੱਕ ਦਾ ਸੰਵਿਧਾਨਿਕ ਹੱਕ ਹੈ ਪਰ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ
ਇਸ ਸਬੰਧੀ ਗੱਲਬਾਤ ਕਰਦਿਆਂ ਬੀਡੀਪੀਓ ਜੰਡਿਆਲਾ ਗੁਰੂ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਆਪਣਾ ਕੰਮ ਸਹੀ ਢੰਗ ਅਤੇ ਸਹੀ ਸਮੇਂ ਅਨੁਸਾਰ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਜਾਂਚ ਪੜਤਾਲ ਕਰਨ ਤੋਂ ਪਹਿਲਾਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ ਜੋ ਕਿ ਬੇਬੁਨਿਆਦ ਹਨ। ਉਹਨਾਂ ਕਿਹਾ ਕਿ ਪੰਚਾਇਤੀ ਚੋਣਾਂ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਰੋਲ ਨਹੀਂ ਹੈ ਅਤੇ ਹਰ ਕੋਈ ਸੰਵਿਧਾਨ ਅਨੁਸਾਰ ਇਹਨਾਂ ਚੋਣਾਂ ਨੂੰ ਲੜ ਸਕਦਾ ਹੈ। ਚਾਹਵਾਨ ਉਮੀਦਵਾਰਾਂ ਵੱਲੋਂ ਐਨਓਸੀ ਅਤੇ ਹੋਰ ਕਾਗਜ਼ਾਤ ਲੈਣ ਦੇ ਲਈ ਆਪਣੇ ਕਾਗਜ਼ ਦਿੱਤੇ ਗਏ ਹਨ, ਜਿਨਾਂ ਦੀ ਜਾਂਚ ਪੜਤਾਲ ਤੋਂ ਬਾਅਦ ਜੇਕਰ ਉਹ ਸਹੀ ਪਾਏ ਜਾਂਦੇ ਹਨ ਤਾਂ ਉਹਨਾਂ ਨੂੰ ਐਨਓਸੀ ਜਾਰੀ ਕੀਤੀ ਜਾਵੇਗੀ ਅਤੇ ਜੇਕਰ ਸਹੀ ਨਹੀਂ ਪਾਏ ਜਾਂਦੇ ਤਾਂ ਫਿਰ ਐਨਓਸੀ ਨਹੀਂ ਦਿੱਤੀ ਜਾਵੇਗੀ।