ਅੰਮ੍ਰਿਤਸਰ : ਪੰਜਾਬ ਵਿੱਚ ਲਗਾਤਾਰ ਹੀ, ਖਾਸ ਕਰ ਅੰਮ੍ਰਿਤਸਰ ਦੇ ਪੁਲਿਸ ਥਾਣਿਆਂ ਨੇੜ੍ਹੇ ਬੰਬ ਬਲਾਸਟ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਲਗਾਤਾਰ ਹੀ ਵਿਦੇਸ਼ ਬੈਠੇ ਹੋਏ ਗਲਤ ਅਨਸਰਾਂ ਵੱਲੋਂ ਇਸ ਦੀਆਂ ਜ਼ਿੰਮੇਵਾਰੀਆਂ ਵੀ ਲਈਆਂ ਜਾ ਰਹੀਆਂ ਹਨ। ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਮਜੀਠਾ ਹਲਕੇ ਵਿੱਚ ਬਲਾਸਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਅਤੇ ਉਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਵੱਲੋਂ ਗਹਿਰੀ ਚਿੰਤਾ ਪ੍ਰਗਟਾਈ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਉੱਤੇ ਸਵਾਲੀਆਂ ਨਿਸ਼ਾਨ ਖੜੇ ਕੀਤੇ ਗਏ।
ਮਜੀਠੀਆ ਦੀ ਸੀਐਮ ਮਾਨ ਨੂੰ ਸਲਾਹ
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ, "ਅੰਮ੍ਰਿਤਸਰ, ਫਿਰ ਗੁਰਦਾਸਪੁਰ ਵਿਖੇ ਬਲਾਸਟ ਹੋਏ, ਮੈਂ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ - ਜਾਗਦੋ ਹੋ? ਜੇਕਰ ਪੰਜਾਬ ਦੇ ਮੁੱਖ ਮੰਤਰੀ ਨੂੰ ਗ੍ਰਹਿ ਵਿਭਾਗ ਨਹੀਂ ਸਮਝ ਆਉਂਦਾ, ਤਾਂ ਉਹ ਸੈਰ ਸਪਾਟਾ ਵਿਭਾਗ ਲੈ ਲੈਣ, ਕਿਉਂਕਿ ਉਨ੍ਹਾਂ ਵੱਲੋਂ ਪੰਜਾਬ ਉੱਤੇ ਕੋਈ ਵੀ ਤਜਵੀਹ ਨਹੀਂ ਦਿੱਤੀ ਜਾ ਰਹੀ।"
'ਮਜੀਠਾ ਬਲਾਸਟ ਨੂੰ ਦਿੱਤੀ ਹੋਰ ਰੰਗਤ', ਸਵਾਲਾ ਦੇ ਘੇਰੇ ਵਿੱਚ ਸੀਐਮ ਮਾਨ
ਅੰਮ੍ਰਿਤਸਰ ਵਿੱਚ ਲਗਾਤਾਰ ਹੀ ਹੈਂਡ ਗ੍ਰਨੇਡ ਸੁੱਟੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ, ਜਿਸ ਦਿਨ ਅੰਮ੍ਰਿਤਸਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਵਿੱਚ ਪਹੁੰਚੇ ਸਨ। ਉਸ ਦੌਰਾਨ ਵੀ ਇੱਕ ਬਲਾਸਟ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ ਪਰ ਪੁਲਿਸ ਵੱਲੋਂ ਇੱਕ ਬੋਤਲ ਫੱਟਣ ਦੀ ਗੱਲ ਕੀਤੀ ਗਈ ਸੀ, ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਜੈਂਤੀਪੁਰ ਵਿੱਚ ਕੁਝ ਹਮਲਾਵਰਾਂ ਵੱਲੋਂ ਹੈਂਡ ਗ੍ਰਨੇਡ ਵਰਗੀ ਕਥਿਤ ਚੀਜ਼ ਸੁੱਟਣ ਦੀ ਵੀਡੀਓ ਸਾਹਮਣੇ ਆਈ ਹੈ।
ਉੱਥੇ ਹੀ ਇਸ ਉੱਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਬਲਾਸਟ ਹੋ ਰਹੇ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਸੈਰ ਸਪਾਟਾ ਕਰ ਰਹੇ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਲਗਾਤਾਰ ਹੀ ਅੰਮ੍ਰਿਤਸਰ ਵਿੱਚ ਬਲਾਸਟ ਹੋਣ ਦੀਆਂ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ ਅਤੇ ਗੁਮਟਾਲਾ ਚੌਂਕੀ ਵਿੱਚ ਵੀ ਇੱਕ ਬਲਾਸਟ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਕੁਝ ਹੋਰ ਰੰਗਤ ਦਿੱਤੀ ਗਈ ਸੀ।
ਬਲਾਸਟ ਦੀਆਂ ਕਥਿਤ ਸੀਸੀਟੀਵੀ ਤਸਵੀਰਾਂ
ਹਾਲਾਂਕਿ, ਬਿਕਰਮ ਮਜੀਠੀਆ ਵੱਲੋਂ ਬੀਤੇ ਦਿਨ ਦੇ ਬਲਾਸਟ ਦੀ ਸੀਸੀਟੀਵੀ ਫੁਟੇਜ ਵੀ ਦਿੱਤੀ ਗਈ ਹੈ ਅਤੇ ਉਸ ਵਿੱਚ ਸਾਫ ਤੌਰ ਉੱਤੇ ਦੇਖਿਆ ਜਾ ਸਕਦਾ ਹੈ ਕਿ ਕੁਝ ਨੌਜਵਾਨਾਂ ਬੰਬਨੁਮਾ ਚੀਜ਼ ਇੱਕ ਘਰ ਉੱਤੇ ਸੁੱਟ ਕੇ ਭੱਜ ਜਾਂਦੇ ਹਨ,ਜਿਸ ਤੋਂ ਬਾਅਦ ਕਾਫੀ ਜ਼ਬਰਦਸਤ ਧਮਾਕਾ ਹੋਇਆ ਹੈ। ਉਸ ਉੱਤੇ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਲਾਅ ਐਂਡ ਆਰਡਰ ਲਗਾਤਾਰ ਹੀ ਖਰਾਬ ਹੁੰਦਾ ਨਜ਼ਰ ਆ ਰਿਹਾ ਅਤੇ ਇਸ ਗੰਭੀਰ ਮਸਲੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਸੰਜੀਦਾ ਨਜ਼ਰ ਨਹੀਂ ਆ ਰਹੇ।