ਹੈਦਰਾਬਾਦ ਡੈਸਕ: ਕਿਸਾਨਾਂ ਦੇ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਇਰਾਦੇ ਅੱਗੇ ਕੇਂਦਰ ਨੇ ਝੁਕਦੀ ਨਜ਼ਰ ਆ ਰਹੀ ਹੈ। ਅੱਜ ਕੇਂਦਰ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਤੋਂ ਬਾਅਦ ਕੇਂਦਰ ਨਾਲ 14 ਫਰਵਰੀ ਨੂੰ ਮੁਲਾਕਾਤ ਦਾ ਫੈਸਲਾ ਕੀਤਾ ਹੈ। ਇਸੇ ਦੌਰਾਨ ਹੁਣ ਕਿਸਾਨ ਆਗੂਆਂ ਵੱਲੋਂ ਡੱਲੇਵਾਲ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ ਗਈ ਹੈ।
ਡੱਲੇਵਾਲ ਨੇ ਦਿੱਤਾ ਵੱਡਾ ਬਿਆਨ
ਕਿਸਾਨ ਆਗੂਆਂ ਵੱਲੋਂ ਕੇਂਦਰੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਮੇਰੀ ਸਹਿਮਤੀ ਤੋਂ ਪਹਿਲਾਂ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਦੀ ਰਾਏ ਲੈਣਾ ਜ਼ਰੂਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਡੱਲੇਵਾਲ ਨੇ ਆਖਿਆ ਕਿ ਮੈਂ ਮਰਨ ਵਰਤ ਨਹੀਂ ਤੋੜਣਾ ਸਿਰਫ਼ ਡਾਕਟਰੀ ਸਹਾਇਤਾ ਹੀ ਲੈਣੀ ਹੈ।ਡੱਲੇਵਾਲ ਨੇ ਕਿਹਾ ਕਿ ਮੈਂ ਦੇਸ਼ ਦੇ ਕਿਸਾਨਾਂ ਨੂੰ ਹੁਣ ਆਪਣਾ ਮਰਨ ਵਰਤ ਤੋੜ ਕੇ ਪਿੱਠ ਨਹੀਂ ਦਿਖਾਉਣੀ।ਮੈਂ ਅੰਨ ਦਾ ਇੱਕ ਵੀ ਦਾਣਾ ਨਹੀਂ ਖਾਣਾ, ਮੈਂ ਐਮਐਸਪੀ ਦੀ ਕਾਨੂੰਨੀ ਗਰੰਟੀ ਮਿਲਣ ਤੱਕ ਪਿੱਛੇ ਨਹੀਂ ਹੱਟਣਾ।
ਕੇਂਦਰ ਨਾਲ ਮੀਟਿੰਗਾਂ ਦਾ ਦੌਰ
ਕਿਸਾਨ ਆਗੂਆਂ ਨੇ ਆਖਿਆ ਕਿ ਕੇਂਦਰ ਨੇ ਮੁਲਾਕਾਤ ਦਾ ਸਿਲਲਿਸਾ ਸ਼ੁਰੂ ਕਰ ਦਿੱਤੀ ਗਈ ਹੈ।ਅੱਜ ਦੀ ਮੀਟਿੰਗ 'ਚ ਕੇਂਦਰ ਦੇ ਅਧਿਕਾਰੀ ਸ਼ਾਮਿਲ ਹੋਏ, ਕਰੀਬ ਦੋ ਘੰਟੇ ਤੱਕ ਚੱਲੀ ਮੀਟਿੰਗ 'ਚ ਕੇਂਦਰ ਵੱਲੋਂ ਐਮਐਸਪੀ ਦੇ ਮੁੱਦੇ 'ਤੇ ਗੱਲ ਕੀਤੀ ਗਈ। ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਡੱਲੇਵਾਲ ਨੇ ਸ਼ੁੱਕਰਵਾਰ ਰਾਤ ਨੂੰ 3-4 ਵਾਰ ਉਲਟੀਆਂ ਕੀਤੀਆਂ। ਪਹਿਲਾਂ ਉਹ 2 ਲੀਟਰ ਤੱਕ ਪਾਣੀ ਪੀਂਦਾ ਸੀ, ਪਰ ਹੁਣ ਉਹ ਇੱਕ ਲੀਟਰ ਤੋਂ ਵੀ ਘੱਟ ਪੀ ਰਿਹਾ ਹੈ। ਸ਼ਨੀਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਸੰਯੁਕਤ ਸਕੱਤਰ ਪ੍ਰਿਆ ਰੰਜਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਵਫ਼ਦ ਖਨੌਰੀ ਸਰਹੱਦ 'ਤੇ ਪਹੁੰਚਿਆ। ਇੱਥੇ ਉਹ ਕਿਸਾਨ ਆਗੂ ਡੱਲੇਵਾਲ ਨੂੰ ਮਿਲੇ। ਵਫ਼ਦ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਤ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ।
SKM-ਫਰੰਟ ਦੇ ਆਗੂਆਂ ਦੀ ਮੀਟਿੰਗ ਅਸਫਲ
ਇਸ ਦੇ ਨਾਲ ਹੀ ਖਨੌਰੀ ਅਤੇ ਸ਼ੰਭੂ ਮੋਰਚਾ ਦੇ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚਾ (SKM) ਦੇ ਆਗੂਆਂ ਨੇ ਪਟਿਆਲਾ ਦੇ ਪਤਾਰਾ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ 26 ਜਨਵਰੀ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਲੈ ਕੇ ਰਣਨੀਤੀ ਬਣਾਈ ਗਈ ਪਰ ਸ਼ੰਭੂ-ਖਨੌਰੀ ਸਰਹੱਦ ਦੇ ਐਸ.ਕੇ.ਐਮ ਦੇ ਆਗੂਆਂ ਦੀ ਏਕਤਾ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਐਸਕੇਐਮ ਨੇ ਇਸ ਲਈ ਹੋਰ ਸਮਾਂ ਮੰਗਿਆ ਹੈ। SKM ਨੇਤਾ ਸੋਮਵਾਰ ਨੂੰ ਦੇਸ਼ ਦੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ
ਦੂਜੇ ਪਾਸੇ SKM ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਜਿਸ ਵਿਚ ਉਨ੍ਹਾਂ ਕਿਸਾਨ ਆਗੂ ਡੱਲੇਵਾਲ ਦੀ ਸਿਹਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ |
ਡੱਲੇਵਾਲ ਨੇ 20 ਕਿਲੋ ਭਾਰ ਘਟਾਇਆ
ਕਿਸਾਨ ਆਗੂ ਅਭਿਮਨਿਊ ਕੋਹਾੜ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ 20 ਕਿਲੋ ਘਟ ਗਿਆ ਹੈ। ਜਦੋਂ ਉਹ ਮਰਨ ਵਰਤ 'ਤੇ ਸਨ ਤਾਂ ਉਸਦਾ ਭਾਰ 86 ਕਿਲੋ 950 ਗ੍ਰਾਮ ਸੀ। ਹੁਣ ਇਹ ਘਟ ਕੇ 66 ਕਿਲੋ 400 ਗ੍ਰਾਮ ਰਹਿ ਗਿਆ ਹੈ। ਡੱਲੇਵਾਲ ਦੀ ਤਾਜ਼ਾ ਮੈਡੀਕਲ ਰਿਪੋਰਟ ਅਨੁਸਾਰ ਕਿਡਨੀ ਅਤੇ ਲੀਵਰ ਨਾਲ ਸਬੰਧਤ ਟੈਸਟਾਂ ਦਾ ਨਤੀਜਾ 1.75 ਹੈ, ਜੋ ਕਿ ਆਮ ਹਾਲਤਾਂ ਵਿਚ 1 ਤੋਂ ਘੱਟ ਹੋਣਾ ਚਾਹੀਦਾ ਹੈ। ਸਰਕਾਰ ਜਾਣ-ਬੁੱਝ ਕੇ ਸੁਪਰੀਮ ਕੋਰਟ ਨੂੰ ਉਨ੍ਹਾਂ ਟੈਸਟਾਂ ਦੇ ਨਤੀਜੇ ਦੱਸਦੀ ਹੈ ਜਿਨ੍ਹਾਂ ਨੂੰ ਸਾਹਮਣੇ ਆਉਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ।