ਚੰਡੀਗੜ੍ਹ: ਸੋਨੀ ਲਿਵ ਉਤੇ ਹਾਲੀਆਂ ਸਮੇਂ ਸਟ੍ਰੀਮ ਹੋਈ ਬਹੁ-ਚਰਚਿਤ ਵੈੱਬ ਸੀਰੀਜ਼ 'ਚਮਕ' ਦਰਸ਼ਕਾਂ ਦਾ ਦਿਲ ਜਿੱਤ ਲੈਣ ਵਿੱਚ ਪੂਰੀ ਤਰਾਂ ਸਫ਼ਲ ਰਹੀ ਹੈ, ਜਿਸ ਦਾ ਦੂਸਰਾ ਸੀਜ਼ਨ ਵੀ ਜਲਦ ਸਾਹਮਣੇ ਆਉਣ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਦਾ ਬਿਊਟੀਫੁੱਲ ਸਿਟੀ ਮੰਨੇ ਜਾਂਦੇ ਚੰਡੀਗੜ੍ਹ ਵਿਖੇ ਆਗਾਜ਼ ਹੋ ਗਿਆ ਹੈ।
ਹਿੰਦੀ ਵੈੱਬ ਸੀਰੀਜ਼ ਦੀ ਦੁਨੀਆ ਵਿੱਚ ਇੱਕ ਨਵੀਂ ਸੀਰੀਜ਼ ਬਣ ਉਭਰੀ ਉਕਤ ਵੈੱਬ ਸੀਰੀਜ਼ ਦੀ ਕਹਾਣੀ ਦਾ ਬੈਕਡਰਾਪ ਪੰਜਾਬ ਸੰਬੰਧਤ ਰੱਖਿਆ ਗਿਆ ਹੈ, ਜਿਸ ਦੇ ਪਹਿਲੇ ਸੀਜ਼ਨ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਪ੍ਰਿੰਸ ਕੰਵਲਜੀਤ ਸਮੇਤ ਕਈ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ, ਜਿਸ ਦਾ ਸਿਲਸਿਲਾ ਇਸ ਦੂਸਰੇ ਸੀਜ਼ਨ ਵਿੱਚ ਵੀ ਜਾਰੀ ਰੱਖਿਆ ਜਾ ਰਿਹਾ ਹੈ।
ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਉੱਚ ਕੋਟੀ ਅਤੇ ਬਿਹਤਰੀਨ ਨਿਰਦੇਸ਼ਕ ਰੋਹਿਤ ਜੁਗਰਾਜ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਉਕਤ ਵੈੱਬ ਸੀਰੀਜ਼ ਦੀ ਸ਼ੂਟਿੰਗ ਟ੍ਰਾਈ ਸਿਟੀ ਵਿਖੇ ਤੇਜ਼ੀ ਨਾਲ ਜਾਰੀ ਹੈ, ਜਿਸ ਦੇ ਚੱਲ ਰਹੇ ਸ਼ੈਡਿਊਲ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਲਕੀਤ ਸਿੰਘ ਅਤੇ ਕੰਵਰ ਗਰੇਵਾਲ ਵੀ ਸ਼ਾਮਿਲ ਹੋਏ ਹਨ, ਜਿੰਨ੍ਹਾਂ ਉਪਰ ਵਿਸ਼ੇਸ਼ ਲਾਈਵ ਕੰਸਰਟ ਫਿਲਮਾਇਆ ਗਿਆ ਹੈ, ਜਿਸ ਨੂੰ ਵੈੱਬ ਸੀਰੀਜ਼ ਦ੍ਰਿਸ਼ਾਂਵਲੀ ਅਤੇ ਕਹਾਣੀ ਦਾ ਖਾਸ ਹਿੱਸਾ ਬਣਾਇਆ ਜਾਵੇਗਾ।
ਸੋਨੀ ਲਿਵ ਵੱਲੋਂ ਪੇਸ਼ ਕੀਤੀ ਜਾਣ ਵਾਲੀ ਉਕਤ ਵੈੱਬ ਸੀਰੀਜ਼ ਦੇ ਨਿਰਮਾਤਾ ਗੀਤਾਂਜਲੀ ਮੇਹਵਾਲ ਚੌਹਾਨ, ਰੋਹਿਤ ਜੁਗਰਾਜ ਚੌਹਾਨ ਅਤੇ ਸੁਮਿਤ ਨੰਦਲਾਲ ਦੂਬੇ ਹਨ, ਜਦਕਿ ਜੇਕਰ ਇਸ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਪਰਮਵੀਰ ਚੀਮਾ, ਅਕਾਸ਼ਾ ਸਿੰਘ, ਇਸ਼ਾ ਤਲਵਾੜ, ਮੋਹਿਤ ਮਲਿਕ, ਮੁਕੇਸ਼ ਛਾਬੜਾ, ਸ਼ਵੇਂਦਰ ਪਾਲ, ਮਨੋਜ ਪਾਹਵਾ ਆਦਿ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਨਵਨੀਤ ਨਿਸ਼ਾਨ ਨੂੰ ਵੀ ਇਸ ਦੂਸਰੇ ਸੀਜ਼ਨ ਦਾ ਖਾਸ ਹਿੱਸਾ ਬਣਾਇਆ ਗਿਆ ਹੈ, ਜੋ ਵੀ ਉਕਤ ਸ਼ੂਟਿੰਗ ਸ਼ੈਡਿਊਲ ਵਿੱਚ ਭਾਗ ਲੈ ਰਹੇ ਹਨ।
ਹੁਣ ਤੱਕ ਦੇ ਕਰੀਅਰ ਦੌਰਾਨ ਕਾਫ਼ੀ ਉਤਰਾਅ-ਚੜਾਅ ਦਾ ਸਾਹਮਣਾ ਕਰ ਚੁੱਕੇ ਨਿਰਦੇਸ਼ਕ ਰੋਹਿਤ ਜੁਗਰਾਜ ਦੇ ਕਰੀਅਰ ਨੂੰ ਮੁੜ ਮਜ਼ਬੂਤੀ ਦੇਣ ਵਿੱਚ ਉਕਤ ਵੈੱਬ ਸੀਰੀਜ਼ ਨੇ ਅਹਿਮ ਭੂਮਿਕਾ ਨਿਭਾਈ ਹੈ, ਜੋ ਇਸ ਤੋਂ ਪਹਿਲਾਂ 'ਜੱਟ ਜੇਮਜ਼ ਬਾਂਡ', 'ਸਰਦਾਰਜੀ', 'ਸਰਦਾਰਜੀ 2', 'ਅਰੁਜਨ ਪਟਿਆਲਾ', 'ਖਿੱਦੋ ਖੂੰਡੀ' ਜਿਹੀਆਂ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।