ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਵੰਨ-ਸੁਵੰਨਤਾ ਭਰਿਆ ਰੂਪ ਅਖ਼ਤਿਆਰ ਕਰਦੇ ਜਾ ਰਹੇ ਸਿਨੇਮਾ ਸਾਂਚੇ ਦਾ ਇਜ਼ਹਾਰ ਕਰਵਾਏਗੀ ਅੱਜ ਐਲਾਨੀ ਹੋਈ ਇੱਕ ਹੋਰ ਅਲਹਦਾ ਵਿਸ਼ਾ ਸਾਰ ਪੰਜਾਬੀ ਫਿਲਮ 'ਮੈਂ ਤੇਰੇ ਕੁਰਬਾਨ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਅਨਿਲ ਕੁਮਾਰ 5 ਸਟੋਨ ਪਿਕਚਰਜ਼ ਪ੍ਰਾਈਵੇਟ ਲਿਮਿਟਡ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਆਈ ਜੀ ਸਟੂਡਿਓਜ਼' ਦੀ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨਵਿੰਦਰ ਸਿੰਘ ਕਰਨਗੇ, ਜੋ ਬਤੌਰ ਨਿਰਦੇਸ਼ਕ ਇਸ ਫਿਲਮ ਨਾਲ ਪਾਲੀਵੁੱਡ ਵਿੱਚ ਅਪਣੀ ਨਵੀਂ ਅਤੇ ਸ਼ਾਨਦਾਰ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
ਨਿਰਮਾਤਾ ਅਨਿਲ ਕੁਮਾਰ ਭੰਡਾਰੀ ਵੱਲੋਂ ਨਿਰਮਿਤ ਕੀਤੀ ਜਾ ਰਹੀ ਅਤੇ ਇੱਕ ਕਹਾਣੀ ਹੈ, ਜੋ ਤੁਹਾਡੇ ਦਿਲ ਅਤੇ ਰੂਹ ਨੂੰ ਛੂਹ ਲਵੇਗੀ ਦੀ ਟੈਗ-ਲਾਇਨ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਸਾਵਨ ਰੂਪੋਵਾਲੀ, ਬੰਟੀ ਬੈਂਸ ਅਤੇ ਨਾਇਕਰਾ ਢਿੱਲੋਂ ਲੀਡਿੰਗ ਕਿਰਦਾਰ ਪਲੇਅ ਕਰਨਗੇ, ਜਿੰਨ੍ਹਾਂ ਤੋਂ ਇਲਾਵਾ ਸੰਦੀਪ ਸਿੱਧੂ, ਕੁਲਜਿੰਦਰ ਸਿੱਧੂ, ਸਤਵੰਤ ਕੌਰ ਅਤੇ ਸ਼ਵਿੰਦਰ ਮਾਹਲ ਆਦਿ ਜਿਹੇ ਮੰਨੇ-ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਸਪੋਰਟਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।