ਬਰਨਾਲਾ : ਪੁਲਿਸ ਵੱਲੋਂ ਆਰਮਜ਼ ਅਤੇ ਨਾਰਕੋਟੈਕਸ ਮਾਮਲਿਆਂ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ। ਦੋ ਵੱਖ-ਵੱਖ ਮਾਮਲਿਆਂ ਵਿੱਚ 6 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਨਸ਼ੇ ਦੇ ਮਾਮਲੇ ਵਿੱਚ 4 ਮੁਲਜ਼ਮ ਗ੍ਰਿਫ਼ਤਾਰ ਕਰਕੇ ਉਹਨਾਂ ਮੁਲਜ਼ਮਾਂ ਤੋਂ 306 ਗ੍ਰਾਮ ਹੈਰੋਇਨ ਅਤੇ ਵਰਨਾ ਕਾਰ ਬਰਾਮਦ ਕੀਤੀ ਗਈ ਹੈ। ਜਦਕਿ 32 ਬੋਰ ਦੇ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਪੁਲਿਸ ਨੇ ਸਾਰੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦਿੱਤੀ ਜਾਣਕਾਰੀ
ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਸਮਾਜ ਵਿਰੋਧੀ ਲੋਕਾਂ ਵਿਰੁੱਧ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ। ਜਿਸ ਤਹਿਤ ਪੁਲਿਸ ਨੇ ਅਸਲੇ ਅਤੇ ਨਾਰਕੋਟੈਕਸ ਦੀ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। ਬਰਨਾਲਾ ਪੁਲਿਸ ਦੇ ਐਸਪੀਡੀ ਸੰਦੀਪ ਸਿੰਘ ਮੰਡ, ਡੀਐਸਪੀ(ਡੀ) ਰਾਜਿੰਦਰਪਾਲ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਦੀ ਟੀਮ ਨੇ ਇਸ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਚਾਰ ਮੁਲਜ਼ਮ ਰਾਜਵੀਰ ਸਿੰਘ, ਗੁਰਪ੍ਰੀਤ ਸਿੰਘ (ਦੋਵੇਂ ਨਿਵਾਸੀ ਬਰਨਾਲਾ), ਅਮਨਿੰਦਰ ਸਿੰਘ ਵਾਸੀ ਧਨੌਲਾ ਅਤੇ ਉਪਕਾਰ ਸਿੰਘ ਲੌਂਗੋਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਤੋਂ 306 ਗ੍ਰਾਮ ਹੈਰੋਇਨ ਨਸ਼ਾ ਅਤੇ ਇੱਕ ਵਰਨਾ ਗੱਡੀ ਬਰਾਮਦ ਹੋਈ ਹੈ। ਇਹਨਾਂ ਵਿੱਚੋਂ ਰਾਜਵੀਰ ਸਿੰਘ ਉੱਪਰ ਐਨਡੀਪੀਐਸ ਸਮੇਤ 3 ਕੇਸ ਦਰਜ਼ ਹਨ।
ਇਸ ਦੇ ਨਾਲ ਹੀ ਗੁਰਪ੍ਰੀਤ ਸਿੰਘ ਉੱਤੇ ਇੱਕ, ਅਮਨਿੰਦਰ ਸਿੰਘ ਉੱਤੇ ਆਰਮਜ਼ ਐਕਟ ਅਤੇ ਉਪਕਾਰ ਸਿੰਘ ਉੱਤੇ ਚੋਰੀ ਦਾ ਕੇਸ ਦਰਜ ਹੈ। ਇਸ ਤੋਂ ਇਲਾਵਾ ਆਰਮਜ਼ ਐਕਟ ਤਹਿਤ ਇੱਕ ਪ੍ਰਾਪਤੀ ਹੋਈ ਹੈ, ਜਿਸ ਵਿੱਚੋਂ ਜਸਵਿੰਦਰ ਸਿੰਘ ਉਰਫ਼ ਗੋਰਾ ਅਤੇ ਮਨਦੀਪ ਸਿੰਘ ਨੂੰ ਅਸਲੇ ਸਮੇਤ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਜਸਵਿੰਦਰ ਸਿੰਘ ਤੋਂ ਦੋ 32 ਬੋਰ ਦੇ ਪਿਸਤੌਲ ਅਤੇ 2 ਕਾਰਤੂਸ ਬਰਾਮਦ ਹੋਏ ਹਨ ਅਤੇ ਇਸ ਉੱਤੇ ਪਹਿਲਾਂ ਦੋ ਕ੍ਰਾਈਮ ਕੇਸ ਦਰਜ ਹਨ।
ਮਾਮਲੇ ਦੀ ਬਰੀਕੀ ਨਾਲ ਕੀਤੀ ਜਾ ਰਹੀ ਜਾਂਚ
ਉਹਨਾਂ ਦੱਸਿਆ ਕਿ,' ਮੁਲਜ਼ਮ ਮਨਦੀਪ ਸਿੰਘ ਤੋਂ 32 ਬੋਰ ਦਾ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮ ਕਿਸੇ ਨਾ ਕਿਸੇ ਕ੍ਰਾਈਮ ਨੂੰ ਅੰਜ਼ਾਮ ਦੇਣ ਲਈ ਅਸਲਾ ਲਿਆਏ ਸਨ। ਇਸ ਮਾਮਲੇ ਦੀ ਹੋਰ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐਨਡੀਪੀਐਸ ਐਕਟ ਤਹਿਤ ਪਿਛਲੇ ਢਾਈ ਸਾਲਾਂ ਵਿੱਚ 20 ਕੇਸਾਂ ਅੰਦਰ 10 ਕਰੋੜ ਦੀ ਪ੍ਰਾਪਰਟੀ ਜ਼ਬਤ ਕੀਤੀ ਜਾ ਚੁੱਕੀ ਹੈ। ਫਿਲਹਾਲ ਮੌਜੂਦਾ ਮਾਮਲਿਆਂ ਵਿੱਚ ਮੁਲਜ਼ਮਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਅਤੇ ਲੋੜ ਪੈਣ ਉੱਤੇ ਮੁੜ ਵੀ ਰਿਮਾਂਡ ਲਿਆ ਜਾ ਸਕਦਾ ਹੈ,'।