ਲੁਧਿਆਣਾ: ਦੋ ਹਫ਼ਤੇ ਪਹਿਲਾਂ ਲੁਧਿਆਣਾ ਦੀ ਪੂਰਬੀ ਤਹਿਸੀਲ ਦੇ ਦਫ਼ਤਰ ਵਿੱਚ ਬੈਠ ਕੇ ਜਗਰਾਉਂ ਦੀਆਂ ਛੇ ਵਿਵਾਦਿਤ ਰਜਿਸਟਰੀਆਂ ਕਰਨ ਵਾਲੇ ਤਹਿਸੀਲਦਾਰ ਰਣਜੀਤ ਸਿੰਘ ਦੀ ਰਫ਼ਤਾਰ ਦੇਖ ਕੇ ਪੰਜਾਬ ਸਰਕਾਰ ਵੀ ਹੈਰਾਨ ਹੈ। ਰਣਜੀਤ ਸਿੰਘ ਦੀ ਇਹ ਰਫ਼ਤਾਰ ਉਨ੍ਹਾਂ ਦੀ ਮੁਅੱਤਲੀ ਦਾ ਕਾਰਨ ਵੀ ਬਣੀ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਸੀਨੀਅਰ ਅਧਿਕਾਰੀ ਅਨੁਰਾਗ ਵਰਮਾ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਤਹਿਸੀਲਦਾਰ ਰਣਜੀਤ ਸਿੰਘ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਤਹਿਸੀਲਦਾਰ ਰਣਜੀਤ ਸਿੰਘ ਨੂੰ ਹੁਣ ਜਗਰਾਉਂ ਅਤੇ ਲੁਧਿਆਣਾ ਪੂਰਬੀ ਦਫ਼ਤਰ ਤੋਂ ਹਟਾ ਕੇ ਧਾਰਕਲਾਂ ਪਠਾਨਕੋਟ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਉੱਥੇ ਉਹ ਐਸਡੀਐਮ ਦਫ਼ਤਰ ਵਿੱਚ ਰੋਜ਼ਾਨਾ ਆਪਣੀ ਹਾਜ਼ਰੀ ਲਗਾਉਣਗੇ ਅਤੇ ਰੋਜ਼ਾਨਾ ਆਪਣੀ ਹਾਜ਼ਰੀ ਰਿਪੋਰਟ ਡੀਸੀ ਪਠਾਨਕੋਟ ਨੂੰ ਭੇਜਣੀ ਹੋਵੇਗੀ। ਇਸ ਸਬੰਧੀ ਲੁਧਿਆਣਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪੁਸ਼ਟੀ ਕੀਤੀ ਹੈ।
![4 minutes in 45 km traveled](https://etvbharatimages.akamaized.net/etvbharat/prod-images/03-02-2025/pb-ldh-tehsildar-suspend-7205443_03022025182233_0302f_1738587153_957.jpg)
ਚਾਰ ਮਿੰਟਾਂ ਵਿੱਚ 45 ਕਿਲੋਮੀਟਰ ਦੀ ਦੂਰੀ ਤੈਅ ਕੀਤੀ
ਜਾਣਕਾਰੀ ਅਨੁਸਾਰ 17 ਜਨਵਰੀ ਨੂੰ ਤਹਿਸੀਲਦਾਰ ਰਣਜੀਤ ਸਿੰਘ ਨੇ ਜਗਰਾਉਂ ਵਿੱਚ ਛੇ ਰਜਿਸਟਰੀਆਂ ਕੀਤੀਆਂ ਸਨ। ਉਨ੍ਹਾਂ ਰਜਿਸਟਰੀਆਂ ਵਿੱਚ 5.05 ਮਿੰਟ ਤੋਂ ਲੈ ਕੇ 5.12 ਮਿੰਟ ਤੱਕ ਸੱਤ ਮਿੰਟਾਂ ਵਿੱਚ ਖਪਤਕਾਰ ਨਾਲ ਫੋਟੋਆਂ ਬਣਵਾਈਆਂ ਗਈਆਂ ਜਦੋਂ ਕਿ ਲੁਧਿਆਣਾ ਪੂਰਬੀ ਦਫ਼ਤਰ ਵਿੱਚ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ 5.16 ਮਿੰਟ ਉੱਤੇ ਰਜਿਸਟਰੀ ਕਰਵਾਈ ਗਈ। ਭਾਵ ਤਹਿਸੀਲਦਾਰ ਨੇ ਲੁਧਿਆਣਾ ਪੂਰਬੀ ਦਫ਼ਤਰ ਤੋਂ ਜਗਰਾਉਂ ਤਹਿਸੀਲ ਦਫ਼ਤਰ ਤੱਕ ਦੀ ਕੁੱਲ੍ਹ 45 ਕਿਲੋਮੀਟਰ ਦੀ ਦੂਰੀ ਸਿਰਫ਼ ਚਾਰ ਮਿੰਟਾਂ ਵਿੱਚ ਤੈਅ ਕੀਤੀ। ਸਰਕਾਰ ਵੱਲੋਂ ਜਾਰੀ ਉਨ੍ਹਾਂ ਦੇ ਮੁਅੱਤਲੀ ਹੁਕਮਾਂ ਵਿੱਚ ਇਸ ਗੱਲ ਦਾ ਸਪੱਸ਼ਟ ਜ਼ਿਕਰ ਕੀਤਾ ਗਿਆ ਹੈ। ਮੁਅੱਤਲੀ ਦੇ ਹੁਕਮਾਂ 'ਚ ਲਿਖਿਆ ਹੈ ਕਿ ਲਾਲਚ ਕਾਰਨ ਉਸ ਨੇ ਅਜਿਹਾ ਕੰਮ ਕੀਤਾ, ਜਿਸ ਕਾਰਨ ਉਸ ਨੂੰ ਮੁਅੱਤਲੀ ਮਿਲੀ।
![4 minutes in 45 km traveled](https://etvbharatimages.akamaized.net/etvbharat/prod-images/03-02-2025/pb-ldh-tehsildar-suspend-7205443_03022025182233_0302f_1738587153_301.jpg)
28 ਫਰਵਰੀ ਨੂੰ ਸੇਵਾਮੁਕਤ ਹੋਣਾ ਸੀ, ਜਾਂਚ ਤੱਕ ਸਹੂਲਤਾਂ ਨਹੀਂ ਮਿਲਣਗੀਆਂ
ਜਾਣਕਾਰੀ ਅਨੁਸਾਰ ਤਹਿਸੀਲਦਾਰ ਰਣਜੀਤ ਸਿੰਘ ਨੇ ਇਸੇ ਮਹੀਨੇ 28 ਫਰਵਰੀ ਨੂੰ ਸੇਵਾਮੁਕਤ ਹੋਣਾ ਸੀ। ਵਿਜੀਲੈਂਸ ਵਿਭਾਗ ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਮੁਅੱਤਲੀ ਹੁਕਮਾਂ ਦੇ ਨਾਲ-ਨਾਲ ਮੁਲਜ਼ਮ ਖ਼ਿਲਾਫ਼ ਪਹਿਲਾਂ ਤੋਂ ਆਈਆਂ ਕਈ ਸ਼ਿਕਾਇਤਾਂ ਦੀ ਵੀ ਜਾਂਚ ਕਰੇਗਾ। ਜੇਕਰ ਉਹ ਦੋਸ਼ੀ ਪਾਇਆ ਜਾਂਦਾ ਹੈ ਤਾਂ ਸੰਭਵ ਹੈ ਕਿ ਤਹਿਸੀਲਦਾਰ ਰਣਜੀਤ ਸਿੰਘ ਨੂੰ ਸੇਵਾਮੁਕਤੀ ਤੋਂ ਬਾਅਦ ਸਰਕਾਰ ਵੱਲੋਂ ਜੋ ਸਹੂਲਤਾਂ ਮਿਲਦੀਆਂ ਹਨ, ਉਹ ਉਦੋਂ ਤੱਕ ਨਹੀਂ ਮਿਲਣਗੀਆਂ ਜਦੋਂ ਤੱਕ ਉਸ 'ਤੇ ਚੱਲ ਰਹੀ ਜਾਂਚ ਪੂਰੀ ਨਹੀਂ ਹੋ ਜਾਂਦੀ।
ਤਹਿਸੀਲਦਾਰ ਮੁਅੱਤਲ, ਸਾਥੀ ਆਰਸੀ ਦੀ ਵਿਜੀਲੈਂਸ ਜਾਂਚ ਸ਼ੁਰੂ
ਸਰਕਾਰ ਨੇ ਤਹਿਸੀਲਦਾਰ ਰਣਜੀਤ ਸਿੰਘ ਨੂੰ ਮੁਅੱਤਲ ਕਰਨ ਦੇ ਨਾਲ-ਨਾਲ ਉਸ ਦੇ ਆਰਸੀ ਮਨਪ੍ਰੀਤ ਸਿੰਘ ਦੇ ਕਥਿਤ ਕਾਰਨਾਮਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀ ਵਿਸ਼ੇਸ਼ ਟੀਮ ਵੱਲੋਂ ਆਰਸੀ ਸਬੰਧੀ ਸਾਰਾ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਕੀਤੀਆਂ ਗਈਆਂ 6 ਰਜਿਸਟਰੀਆਂ ਆਰਸੀ ਮਨਪ੍ਰੀਤ ਸਿੰਘ ਦੀ ਤਰਫੋਂ ਚੈੱਕ ਕੀਤੀਆਂ ਗਈਆਂ ਅਤੇ ਉਨ੍ਹਾਂ ਦੀ ਮੁਹਰ ਅਤੇ ਦਸਤਖ਼ਤ ਲਗਾਏ ਗਏ। ਜਿਨ੍ਹਾਂ ਆਰਸੀਆਂ ਨੇ ਬਿਨਾਂ ਦੇਖੇ ਉਨ੍ਹਾਂ ਛੇ ਰਜਿਸਟਰੀਆਂ 'ਤੇ ਮੁਹਰ ਲਗਾ ਕੇ ਹਸਤਾਖਰ ਕੀਤੇ ਸਨ, ਉਹ ਹੁਣ ਪੂਰੀ ਤਰ੍ਹਾਂ ਮੁਸੀਬਤ ਵਿੱਚ ਹਨ। ਛੇ ਰਜਿਸਟਰੀਆਂ ਲਿਖਣ ਵਾਲਾ ਡੀਡ ਰਾਈਟਰ ਵੀ ਜਲਦੀ ਹੀ ਇਸ ਕੇਸ ਦੇ ਘੇਰੇ ਵਿੱਚ ਆ ਜਾਵੇਗਾ। ਇਨ੍ਹਾਂ ਤਹਿਸੀਲਾਂ ਦੇ ਵਿੱਚ ਰਜਿਸਟਰੀ ਦਾ ਕੰਮ ਨਿਰਵਿਘਨ ਚਲਾਉਣ ਦੇ ਲਈ ਵਾਧੂ ਚਾਰਜ ਹੋਰਨਾਂ ਅਫਸਰਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੇ ਆਰਸੀ ਮਨਪ੍ਰੀਤ ਸਿੰਘ ਦੀ ਵੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ ਉਨ੍ਹਾਂ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਇਸ ਦੀ ਪੁਸ਼ਟੀ ਫਿਲਹਾਲ ਕਿਸੇ ਵੀ ਅਫਸਰ ਨੇ ਨਹੀਂ ਕੀਤੀ ਹੈ ਪਰ ਕਾਰਵਾਈ ਦੀ ਗੱਲ ਜ਼ਰੂਰ ਕੀਤੀ ਗਈ ਹੈ।