ਬਠਿੰਡਾ : ਪੰਜਾਬ ਵਿੱਚ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਹੁਣ ਕਈ ਅਹਿਮ ਫੈਸਲੇ ਲਏ ਗਏ ਹਨ ਅਤੇ ਕਈ ਪੁਰਾਣੀਆਂ ਇਮਾਰਤਾਂ ਨੂੰ ਰੈਨੋਵੇਟ ਕੀਤਾ ਜਾ ਰਿਹਾ ਹੈ ਤਾਂ ਜੋ ਦੂਜੇ ਸੂਬੇ ਜਾਂ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਟੂਰਿਸਟ ਪੰਜਾਬ ਵਿੱਚ ਆਉਣ, ਇਸੇ ਲੜੀ ਤਹਿਤ ਬਠਿੰਡਾ ਦੇ ਸਿਵਲ ਏਅਰਪੋਰਟ ਵਿਰਕ ਕਲਾ ਤੋਂ ਦੋ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਨਹਿਰੀ ਕੋਠੀ ਜੋ ਅੰਗਰੇਜ਼ਾਂ ਵੱਲੋਂ ਕਰੀਬ 104 ਸਾਲ ਪਹਿਲਾਂ ਤਿਆਰ ਕਰਵਾਈ ਗਈ ਸੀ ਇਸ ਨੂੰ ਮੁੜ ਤੋਂ ਪੁਨਰ ਸੁਰਜੀਤੀ ਵੱਲ ਲਿਜਾਇਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਇਮਾਰਤ ਦੇ ਕੁੰਡੇ,ਕਬਜ਼ੇ ਅਤੇ ਗਾਡਰ ਇੰਗਲੈਂਡ ਤੋਂ ਮੰਗਵਾਏ ਗਏ ਸਨ ।
'ਅੰਗਰੇਜ਼ਾਂ ਦੀ ਬਣਾਈ ਗਈ ਨਹਿਰੀ ਕੋਠੀ ਦਾ ਕੀਤਾ ਜਾਵੇਗਾ ਨਵੀਨੀਕਰਨ'
ਖੰਡਰ ਹੋ ਚੁੱਕੀ ਇਸ ਇਮਾਰਤ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਵਾਰ-ਵਾਰ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਪੁਰਾਤਨ ਇਮਾਰਤ ਦੀ ਸਾਂਭ ਸੰਭਾਲ ਲਈ ਬਣਦੇ ਕਦਮ ਚੁੱਕੇ ਜਾਣ। ਇਸ ਸਬੰਧੀ ਬਕਾਇਦਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਏਅਰਪੋਰਟ ਨੇੜੇ ਇਸ ਅੰਗਰੇਜ਼ਾਂ ਦੀ ਬਣਾਈ ਗਈ ਨਹਿਰੀ ਕੋਠੀ ਨੂੰ ਜੇਕਰ ਮੁੜ ਪੁਰਾਤਨ ਤਰੀਕੇ ਨਾਲ ਰੈਨੋਵੇਟ ਕੀਤਾ ਜਾਵੇ ਤਾਂ ਇਹ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੇਗੀ।
'ਗਰਮੀ ਵਿੱਚ ਠੰਢੀਆਂ ਅਤੇ ਸਰਦੀਆਂ ਵਿੱਚ ਗਰਮ ਰਹਿੰਦੀਆਂ ਨੇ ਇਸ ਦੀਆਂ ਕੰਧਾਂ'
ਪ੍ਰਸ਼ਾਸਨ ਵੱਲੋਂ ਉਹਨਾਂ ਦੀ ਅਪੀਲ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਇਆ ਗਿਆ ਅਤੇ ਹੁਣ 70 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਨਹਿਰੀ ਕੋਠੀ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਕੋਠੀ ਪੁਰਾਤਨ ਢੰਗ ਨਾਲ ਹੀ ਤਿਆਰ ਕੀਤੀ ਜਾਵੇਗੀ, ਜਿਸ ਤਰ੍ਹਾਂ ਅੰਗਰੇਜ਼ਾਂ ਵੱਲੋਂ ਇਸ ਨੂੰ ਤਿਆਰ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਇਮਾਰਤ ਦੀਆਂ ਕੰਧਾਂ ਇੰਨੀਆਂ ਮਜ਼ਬੂਤ ਅਤੇ ਤਕਨੀਕ ਨਾਲ ਬਣਾਈਆਂ ਗਈਆਂ ਸਨ ਕਿ ਇਹ ਗਰਮੀਆਂ ਵਿੱਚ ਠੰਢੀਆਂ ਅਤੇ ਸਰਦੀਆਂ ਵਿੱਚ ਗਰਮ ਰਹਿੰਦੀਆਂ ਸਨ।
'ਸਿਰਫ ਛੱਤਾਂ ਹੀ ਕੀਤੀਆਂ ਜਾ ਰਹੀਆਂ ਹਨ ਤਬਦੀਲ'
ਅੰਗਰੇਜ਼ਾਂ ਦੀ ਉਸ ਤਕਨੀਕ ਨੂੰ ਜ਼ਿੰਦਾ ਰੱਖਣ ਲਈ ਇਮਾਰਤ ਦੇ ਢਾਂਚੇ ਨੂੰ ਉਸੇ ਤਰ੍ਹਾਂ ਰੱਖਿਆ ਜਾ ਰਿਹਾ ਹੈ। ਸਿਰਫ ਛੱਤਾਂ ਹੀ ਤਬਦੀਲ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਹ ਨਹਿਰੀ ਕੋਠੀ ਸਿਵਲ ਏਅਰਪੋਰਟ ਵਿਰਕ ਕਲਾ ਤੋਂ ਦੋ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ, ਜਿਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਤਾਂ ਜੋ ਆਉਣ ਜਾਣ ਵਾਲੇ ਯਾਤਰੀ ਇਸ ਕੋਠੀ ਵਿੱਚ ਰਹਿ ਸਕਣ ਅਤੇ ਪੁਰਾਤਨ ਚੀਜ਼ਾਂ ਬਾਰੇ ਜਾਣ ਸਕਣ।
ਪੰਜਾਬ ਸਰਕਾਰ ਵੱਲੋਂ 70 ਲੱਖ ਰੁਪਏ ਦੀ ਭੇਜੀ ਗਈ ਗ੍ਰਾਂਟ
ਇਸ ਕੋਠੀ ਨੂੰ ਰੈਨੋਵੇਟ ਕਰਨ ਲਈ ਪੰਜਾਬ ਸਰਕਾਰ ਵੱਲੋਂ 70 ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ ਤਾਂ ਜੋ ਇੱਥੇ ਟੂਰਿਜ਼ਮ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਦੀ ਉਹ ਦਿਲੋਂ ਸ਼ਲਾਘਾ ਕਰਦੇ ਹਨ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਆਪਣੇ-ਆਪਣੇ ਪਿੰਡਾਂ ਵਿੱਚ ਪਈਆਂ ਅੰਗਰੇਜ਼ਾਂ ਦੇ ਸਮੇਂ ਦੀਆਂ ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ ਕਰਨ ਤਾਂ ਜੋ ਅਸੀਂ ਆਪਣੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸ ਸਕੀਏ।