ਪਟਿਆਲਾ : ਪੁਲਿਸ ਨੇ ਜੇਲ੍ਹ ਅੰਦਰੋਂ ਮੋਬਾਈਲ ਫ਼ੋਨ ਬਰਾਮਦ ਕਰਦਿਆਂ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੇਂਦਰੀ ਜੇਲ੍ਹ ਵਿੱਚ ਇੱਕ ਕੈਦੀ ਕੋਲ ਮੋਬਾਈਲ ਫ਼ੋਨ ਮਿਲਿਆ ਸੀ, ਜੋ ਜੇਲ੍ਹ ਦੇ ਇੱਕ ਮੁਲਾਜ਼ਮ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ।
'ਜੇਲ੍ਹ ਵਿੱਚ ਅਚਾਨਕ ਕੀਤੀ ਗਈ ਚੈਕਿੰਗ'
ਇਸੇ ਤਹਿਤ ਤ੍ਰਿਪੜੀ ਥਾਣਾ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰੀ ਜੇਲ੍ਹ ਵਿੱਚ ਜਦੋਂ ਅਚਾਨਕ ਚੈਕਿੰਗ ਕੀਤੀ ਗਈ ਤਾਂ ਕੈਦੀ ਅੰਮ੍ਰਿਤਪਾਲ ਸਿੰਘ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ। ਜਿਸ ਤੋਂ ਬਾਅਦ ਫ਼ੋਨ ਦੀ ਜਾਂਚ ਕੀਤੀ ਗਈ, ਜਾਂਚ ਕਰਨ ਤੋਂ ਜੋ ਸਾਹਮਣੇ ਆਇਆ ਉਸ ਨੂੰ ਜਾਣ ਕੇ ਸਭ ਹੈਰਾਨ ਰਹਿ ਗਏ।
ਜਾਂਚ ਦੌਰਾਨ ਸਾਨੂੰ ਪਤਾ ਲੱਗਿਆ ਕਿ ਕੈਦੀ ਨੂੰ ਫ਼ੋਨ ਜੇਲ੍ਹ ਵਾਰਡਨ ਸੰਦੀਪ ਸਿੰਘ ਨੇ ਮੁਹੱਈਆ ਕਰਵਾਇਆ ਸੀ। ਇਸ ਤੋਂ ਬਾਅਦ ਜੇਲ੍ਹ ਵਾਰਡਨ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦਾ ਰਿਮਾਂਡ ਹਾਸਿਲ ਕਰਕੇ ਤਫਤੀਸ਼ ਕੀਤੀ ਜਾਵੇਗੀ। ਹੁਣ ਸਾਡੇ ਵੱਲੋਂ ਉਨ੍ਹਾਂ ਵਿਅਕਤੀਆਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨੇ ਜੇਲ੍ਹ ਵਿੱਚ ਬੈਠੇ ਕੈਦੀ ਨਾਲ ਗੱਲ ਕੀਤੀ ਸੀ। ਜਿਨ੍ਹਾਂ ਬਾਰੇ ਪਤਾ ਲੱਗਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।- ਪ੍ਰਦੀਪ ਸਿੰਘ ਬਾਜਵਾ, ਤ੍ਰਿਪੜੀ ਥਾਣਾ ਇੰਚਾਰਜ
ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ 'ਤੇ ਵੀ ਕੀਤੀ ਜਾ ਸਕਦੀ ਹੈ ਕਾਰਵਾਈ
ਇਸ ਤੋਂ ਇਲਾਵਾ ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ 'ਚ ਸ਼ਾਮਿਲ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ 'ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਮੁਲਜ਼ਮ ਪਹਿਲਾਂ ਹੀ ਐਨ.ਡੀ.ਪੀ.ਐਸ. ਦੇ ਮਾਮਲਿਆਂ ਵਿੱਚ ਸ਼ਾਮਿਲ ਹੈ। ਪੁਲਿਸ ਮੁਤਾਬਿਕ ਜੇਲ੍ਹ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ਨੂੰ ਰੋਕਣ ਲਈ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।