ਬਰਨਾਲਾ: ਸਿੱਖ ਕੌਮ ਦਾ ਇਤਿਹਾਸ ਸ਼ਹਾਦਤਾਂ ਅਤੇ ਕੁਰਬਾਨੀਆਂ ਭਰਿਆ ਰਿਹਾ ਹੈ। ਵੱਡਾ ਘੱਲੂਘਾਰਾ ਵੀ ਇਹਨਾਂ ਮਹਾਨ ਸ਼ਹਾਦਤਾਂ ਵਿੱਚੋਂ ਇੱਕ ਹੈ, ਜਿਸ ਦੌਰਾਨ ਅੱਧੀ ਤੋਂ ਵੱਧ ਸਿੱਖ ਕੌਮ ਸ਼ਹੀਦ ਹੋ ਗਈ ਸੀ। ਵੱਡੇ ਘੱਲੂਘਾਰੇ ਦਾ ਇਤਿਹਾਸ ਸਿੱਖਾਂ ਅਤੇ ਅਫ਼ਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਦਰਮਿਆਨ ਹੋਏ ਯੁੱਧ ਨਾਲ ਜੁੜਿਆ ਹੋਇਆ ਹੈ, ਜਿਸ ਦੌਰਾਨ ਸਿੱਖਾਂ ਦਾ ਵੱਡੇ ਪੱਧਰ ਉੱਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਇਸੇ ਕਾਰਨ ਇਸ ਘਟਨਾ ਨੂੰ ਵੱਡੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ। ਇਹ ਘਟਨਾ 5 ਫਰਵਰੀ 1762 ਨੂੰ ਵਾਪਰੀ। ਪੰਜਾਬ ਦੇ ਕੁੱਪ ਰਹੀੜੇ ਤੋਂ ਲੈ ਕੇ ਬਰਨਾਲਾ ਜ਼ਿਲ੍ਹੇ ਦੇ ਗਹਿਲ ਤੱਕ ਅਬਦਾਲੀ ਅਤੇ ਸਿੱਖਾਂ ਦਰਮਿਆਨ ਇਹ ਲੜਾਈ ਹੋਈ। ਰਸਤੇ ਵਿੱਚ ਬਰਨਾਲਾ ਜ਼ਿਲ੍ਹੇ ਦਾ ਪਿੰਡ ਕੁਤਬਾ ਬਾਹਮਣੀਆਂ ਆਇਆ, ਜਿੱਥੇ ਪਾਣੀ ਦੀ ਢਾਬ ਉੱਪਰ ਦੋਵੇਂ ਧਿਰਾਂ ਦੀ ਲੜਾਈ ਹੋਈ ਸੀ ਅਤੇ ਇਸ ਧਰਤੀ ਉੱਤੇ ਹੀ ਸਭ ਤੋਂ ਵੱਧ ਸਿੱਖ ਮਾਰੇ ਗਏ। ਵੱਖ-ਵੱਖ ਮਿਸਲਾਂ ਵਿੱਚ ਵੰਡੇ ਹੋਏ ਸਿੱਖ ਇਸ ਲੜਾਈ ਮੌਕੇ ਇੱਕਜੁੱਟ ਹੋ ਕੇ ਅਬਦਾਲੀ ਦੀ ਲੱਖਾਂ ਦੀ ਫ਼ੌਜ ਨਾਲ ਲੜੇ ਸਨ। ਇਤਿਹਾਸਕਾਰਾਂ ਅਨੁਸਾਰ ਇਸ ਲੜਾਈ ਸਮੇਂ ਸਿੱਖਾਂ ਦੀ ਗਿਣਤੀ 70 ਹਜ਼ਾਰ ਦੇ ਕਰੀਬ ਸੀ ਅਤੇ ਇਸ ਲੜਾਈ ਵਿੱਚ 35 ਹਜ਼ਾਰ ਸਿੱਖ ਸ਼ਹੀਦ ਹੋ ਗਏ ਸਨ। ਪਿੰਡ ਕੁਤਬਾ ਬਾਹਮਣੀਆਂ ਵਿਖੇ ਫਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਪਰ ਪਿੰਡ ਦੇ ਲੋਕ ਸਰਕਾਰਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਐਲਾਨ ਪੂਰੇ ਨਾ ਹੋਣ ਤੋਂ ਨਰਾਜ਼ ਵੀ ਹਨ। ਜਿਸ ਕਰਕੇ ਇਸ ਵਾਰ ਦੇ ਸਮਾਗਮ ਮੌਕੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਨੁਮਾਇੰਦੇ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ।
35 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ
ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਨਿਸ਼ਾਨ ਸਿੰਘ ਨੇ ਦੱਸਿਆ ਕਿ, 'ਅਹਿਮਦ ਸ਼ਾਹ ਅਬਦਾਲੀ ਨੇ ਆਪਣਾ 6ਵਾਂ ਹਮਲਾ ਸਿੱਖਾਂ ਉੱਪਰ ਕੀਤਾ ਸੀ। ਜਿਸ ਦੌਰਾਨ ਸਿੱਖਾਂ ਦਾ ਵੱਡਾ ਨੁਕਸਾਨ ਹੋਇਆ। ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜ੍ਹੀਆ ਅਤੇ ਚੜ੍ਹਤ ਸਿੰਘ ਸਮੇਤ ਹੋਰ ਸਿੱਖ ਮਿਸਲਾਂ ਦੇ ਮੁਖੀਆਂ ਦੀ ਅਗਵਾਈ ਵਿੱਚ ਸਿੱਖ ਕੁੱਪ ਰਹੀੜਾ ਦੀ ਧਰਤੀ ਉੱਤੇ ਪਰਿਵਾਰਾਂ ਸਮੇਤ ਬੈਠੇ ਸਨ। ਜਿੱਥੇ ਅਬਦਾਲੀ ਦੀਆਂ ਫ਼ੌਜਾਂ ਨੇ ਸਿੱਖਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਸਿੱਖ ਇਹ ਲੜਾਈ ਨਹੀਂ ਲੜਨਾ ਚਾਹੁੰਦੇ ਸਨ ਕਿਉਂਕਿ ਸਿੱਖਾਂ ਦੇ ਔਰਤਾਂ ਅਤੇ ਬੱਚੇ ਨਾਲ ਸਨ। ਜਿਸ ਕਰਕੇ ਸਿੱਖਾਂ ਨੇ ਬਾਬਾ ਆਲਾ ਸਿੰਘ ਦੇ ਰਾਜ ਵੱਲ ਬਰਨਾਲਾ ਦੀ ਧਰਤੀ ਨੂੰ ਮੋੜਾ ਪਾ ਦਿੱਤਾ। ਸਿੱਖ ਅਦਬਾਲੀ ਦੀਆਂ ਫ਼ੌਜਾਂ ਨਾਲ ਲੜਦੇ-ਲੜਦੇ ਆ ਰਹੇ ਸਨ। ਜਿੱਥੇ ਰਸਤੇ ਵਿੱਚ ਪਾਣੀ ਨਹੀਂ ਸੀ। ਕੁਤਬਾ ਬਾਹਮਣੀਆਂ ਦੀ ਧਰਤੀ ਉੱਤੇ ਪਾਣੀ ਦੀ ਢਾਬ ਦਾ ਪਤਾ ਲੱਗਦਿਆਂ ਹੀ ਸਿੱਖ ਇੱਧਰ ਨੂੰ ਆ ਗਏ ਇੱਥੇ ਹੀ ਅਫ਼ਗਾਨੀ ਫ਼ੌਜਾਂ ਨੇ ਸਿੱਖ ਜਰਨੈਲਾਂ ਨੂੰ ਘੇਰਾ ਪਾ ਲਿਆ ਅਤੇ ਸਿੱਖਾਂ ਵੱਲੋਂ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਘੇਰਾ ਟੁੱਟ ਗਿਆ, ਜਿਸ ਤੋਂ ਬਾਅਦ ਸਿੱਖਾਂ ਅਤੇ ਅਬਦਾਲੀ ਦੀਆਂ ਫ਼ੌਜਾਂ ਵਿੱਚ ਬਹੁਤ ਭਿਆਨਕ ਲੜਾਈ ਇਸ ਜਗ੍ਹਾ ਹੋਈ। ਇੱਥੇ ਹੀ ਅੱਧੀ ਤੋਂ ਵੱਧ ਸਿੱਖ ਕੌਮ ਸ਼ਹੀਦ ਹੋ ਗਈ। ਇਤਿਹਾਸਕਾਰਾਂ ਅਨੁਸਾਰ 35 ਹਜ਼ਾਰ ਦੇ ਕਰੀਬ ਸਿੱਖ ਸ਼ਹੀਦ ਹੋ ਗਏ ਸਨ,'।
ਅਬਦਾਲੀ ਦਾ ਸਿੱਖਾ ਨਾਲ ਪਿਆ ਵੈਰ
ਨਿਸ਼ਾਨ ਸਿੰਘ ਨੇ ਦੱਸਿਆ ਕਿ, 'ਅਬਦਾਲੀ ਨੇ ਚਾਰ ਹਮਲੇ ਭਾਰਤੀਆਂ ਨੂੰ ਲੁੱਟਣ ਤੱਕ ਸੀਮਤ ਰੱਖੇ। ਇਸ ਤੋਂ ਅਗਲੇ ਹਮਲੇ ਵਿੱਚ ਉਸ ਨੇ ਮਰਹੱਟਿਆਂ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੇ ਬਜ਼ਾਰਾਂ ਵਿੱਚ ਵੇਚਣ ਦੀ ਨੀਅਤ ਨਾਲ ਲਿਜਾਣਾ ਸ਼ੁਰੂ ਕੀਤਾ, ਜਿਸ ਦਾ ਪਤਾ ਸਿੱਖਾਂ ਨੂੰ ਲੱਗ ਗਿਆ। ਜਿਸ ਤੋਂ ਬਾਅਦ ਸਿੱਖ ਰਾਤ ਦੇ 12 ਵਜੇ ਅਬਦਾਲੀ ਦੀਆ ਫ਼ੌਜਾਂ ਉੱਤੇ ਹਮਲੇ ਕਰਦੇ ਅਤੇ ਲੁੱਟ ਦਾ ਖ਼ਜ਼ਾਨਾ ਅਤੇ ਧੀਆਂ ਭੈਣਾਂ ਨੂੰ ਬਚਾਉਂਦੇ। ਇਸੇ ਕਰਕੇ ਹੀ ਸਿੱਖਾਂ ਦੇ ਬਾਰਾਂ ਵੱਜਣ ਵਾਲੀ ਕਹਾਵਤ ਮਸ਼ਹੂਰ ਹੋਈ। ਇਸ ਤੋਂ ਬਾਅਦ ਅਦਬਾਲੀ ਨੇ ਸਿੱਖਾਂ ਦਾ ਖ਼ੁਰਾ ਖੋਜ ਮਿਟਾਉਣ ਦੀ ਸੋਚੀ ਅਤੇ ਆਪਣਾ 6ਵਾਂ ਹਮਲਾ ਸਿੱਖਾਂ ਉੱਪਰ ਕੀਤਾ। ਇਹ ਲੜਾਈ ਉਸ ਨੇ ਕੁੱਪ ਰਹੀੜੇ ਦੀ ਧਰਤੀ ਉੱਤੇ ਸ਼ੁਰੂ ਕੀਤੀ, ਜੋ ਬਰਨਾਲਾ ਦੇ ਪਿੰਡ ਗਹਿਲ ਤੱਕ ਜਾਰੀ ਰਹੀ। ਇਸ ਤੋਂ ਬਾਅਦ ਹੀ ਅਬਦਾਲੀ ਅੰਮ੍ਰਿਤਸਰ ਵੱਲ ਗਿਆ ਅਤੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ। ਇੱਥੇ ਹੀ ਇੱਕ ਇੱਟ ਅਬਦਾਲੀ ਦੇ ਨੱਕ ਉੱਪਰ ਵੱਜੀ ਅਤੇ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਜ਼ਖ਼ਮ ਦਾ ਇਲਾਜ ਨਹੀਂ ਹੋਇਆ। ਇਸ ਤੋਂ ਬਾਅਦ ਅਬਦਾਲੀ ਨੱਕ ਦੇ ਕੈਂਸਰ ਕਾਰਨ ਮਰ ਗਿਆ। ਉਹਨਾਂ ਦੱਸਿਆ ਕਿ ਸਿੱਖ ਇੱਕ ਸਾਲ ਦੇ ਬਾਅਦ ਹੀ ਵੱਡੇ ਘੱਲੂਘਾਰੇ ਦਾ ਬਦਲਾ ਲੈਣ ਲਈ ਤਿਆਰ ਹੋ ਗਏ। ਜਿਸ ਤੋਂ ਬਾਅਦ ਸਿੱਖਾਂ ਨੇ ਸਰਹਿੰਦ ਦੇ ਸੂਬੇਦਾਰ ਜੈਨ ਖਾਨ ਨੂੰ ਮਾਰ ਮੁਕਾਇਆ ਅਤੇ ਸਰਹਿੰਦ ਫ਼ਤਹਿ ਕੀਤੀ,'।
![Vadda Ghallughara Divas](https://etvbharatimages.akamaized.net/etvbharat/prod-images/03-02-2025/pb-bnl-splvaddaghalughara-pb10017_03022025134253_0302f_1738570373_736.jpg)
ਸਰਕਾਰੀ ਵਾਅਦਿਆਂ ਤੋਂ ਪਿੰਡ ਵਾਸੀ ਨਿਰਾਸ਼
ਪਿੰਡ ਕੁਤਬਾ ਵਿਖੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਗੁਰਦੁਆਰਾ ਅਤਿ ਵੱਡਾ ਘੱਲੂਘਾਰਾ ਸਾਹਿਬ ਪਿੰਡ ਦੇ ਲੋਕਾਂ ਵੱਲੋਂ ਬਣਾਇਆ ਗਿਆ ਹੈ। ਇੱਥੇ ਹਰ ਸਾਲ ਪਿੰਡ ਵਾਸੀ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਉਂਦੇ ਹਨ। ਇਸ ਤੋਂ ਇਲਾਵਾ ਜਿਸ ਪਾਣੀ ਦੀ ਢਾਬ ਉੱਤੇ ਇਹ ਲੜਾਈ ਹੋਈ, ਉਸ ਦੀ ਭਾਵੇਂ ਕੋਈ ਨਿਸ਼ਾਨੀ ਨਹੀਂ ਬਚੀ ਪਰ ਪਿੰਡ ਦੇ ਲੋਕਾਂ ਨੇ ਉਸ ਜਗ੍ਹਾ ਨੂੰ ਵੀ ਯਾਦਗਾਰ ਵਜੋਂ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ। ਪਿੰਡ ਦੇ ਲੋਕ ਸਰਕਾਰਾਂ ਪ੍ਰਤੀ ਨਰਾਜ਼ ਹਨ ਕਿ ਸਰਕਾਰਾਂ ਨੇ ਉਹਨਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਐਸਜੀਪੀਸੀ ਪ੍ਰਧਾਨ ਜਗੀਰ ਕੌਰ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਓਐਸਡੀ ਸੰਦੀਪ ਸਿੰਘ ਸੰਧੂ, ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਹੀਦਾਂ ਦੀ ਯਾਦਗਾਰ, ਮਿਊਜ਼ੀਅਮ ਬਣਾਉਣ ਦੇ ਵਾਅਦੇ ਕਰ ਚੁੱਕੇ ਹਨ ਪਰ ਕਿਸੇ ਨੇ ਵਾਅਦਾ ਪੂਰਾ ਨਹੀਂ ਕੀਤਾ। ਇੱਥੇ ਬਣਨ ਵਾਲੀ ਯਾਦਗਾਰ ਨੂੰ ਕੁੱਪ ਰਹੀੜਾ ਵਿਖੇ ਬਣਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਪਿੰਡ ਨੂੰ ਆਉਣ ਵਾਲੀ ਸੜਕ ਵੀ ਚੌੜੀ ਨਹੀਂ ਕੀਤੀ ਗਈ। ਜਿਸ ਕਰਕੇ ਇਸ ਵਾਰ ਪਿੰਡ ਵਾਸੀਆਂ ਅਤੇ ਪ੍ਰਬੰਧਕਾਂ ਨੇ ਕਿਸੇ ਵੀ ਰਾਜਸੀ ਵਿਅਕਤੀ ਨੂੰ ਧਾਰਮਿਕ ਸਮਾਗਮ ਦੌਰਾਨ ਸਟੇਜ ਤੋਂ ਨਾ ਬੋਲਣ ਦੇਣ ਦਾ ਫ਼ੈਸਲਾ ਕੀਤਾ ਹੈ।
![Vadda Ghallughara Divas](https://etvbharatimages.akamaized.net/etvbharat/prod-images/03-02-2025/pb-bnl-splvaddaghalughara-pb10017_03022025134253_0302f_1738570373_662.jpg)