ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਕਾਰਜਸ਼ੀਲ ਹੈ ਅਦਾਕਾਰਾ ਪੂਨਮ ਸੂਦ, ਜਿੰਨ੍ਹਾਂ ਵੱਲੋਂ ਐਕਸਪੈਰੀਮੈਂਟਲ ਫਿਲਮਾਂ ਅਤੇ ਭੂਮਿਕਾਵਾਂ ਨੂੰ ਦਿੱਤੀ ਜਾ ਰਹੀ ਤਰਜੀਹ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਤੂੰ ਆ ਗਿਆ', ਜੋ ਜਲਦ ਰਿਲੀਜ਼ ਹੋਣ ਜਾ ਰਹੀ ਹੈ।
'ਏ ਦੇਵੀ ਸ਼ਰਮਾ ਫਿਲਮਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਹਰਜੀਤ ਵਾਲੀਆ ਵੱਲੋਂ ਕੀਤਾ ਜਾ ਰਿਹਾ ਹੈ, ਜਦਕਿ ਨਿਰਦੇਸ਼ਨ ਕਮਾਂਡ ਨਿਰਦੇਸ਼ਨ ਖੁਸ਼ਬੂ ਸ਼ਰਮਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਪੰਜਾਬੀ ਫਿਲਮਾਂ ਨਾਲ ਕਾਰਜਕਾਰੀ ਨਿਰਮਾਤਾ ਦੇ ਰੂਪ ਵਿੱਚ ਜੁੜੇ ਰਹੇ ਹਨ ਅਤੇ ਬਤੌਰ ਨਿਰਦੇਸ਼ਕ ਉਕਤ ਫਿਲਮ ਨਾਲ ਇੱਕ ਨਵੇਂ ਸਿਨੇਮਾ ਸਫ਼ਰ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ।
ਮਾਲਵਾ ਦੇ ਜ਼ਿਲ੍ਹਾਂ ਬਠਿੰਡਾ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਫਿਲਮ ਦੇ ਕਲਾਕਾਰਾਂ ਵਿੱਚ ਹਰਜੀਤ ਵਾਲੀਆ, ਪਿੰਕੀ ਸੱਗੂ ਵੀ ਸ਼ੁਮਾਰ ਹਨ, ਜਿੰਨ੍ਹਾਂ ਨਾਲ ਹੀ ਬੇਹੱਦ ਅਹਿਮ ਅਤੇ ਚੁਣੌਤੀਪੂਰਨ ਭੂਮਿਕਾ ਵਿੱਚ ਨਜ਼ਰ ਆਵੇਗੀ ਅਦਾਕਾਰਾ ਪੂਨਮ ਸੂਦ, ਜੋ ਇੰਨੀ ਦਿਨੀਂ ਅਪਣੇ ਹਿੱਸੇ ਦੇ ਸ਼ੂਟ ਨੂੰ ਤੇਜ਼ੀ ਨਾਲ ਸੰਪੂਰਨਤਾ ਦੇ ਰਹੇ ਹਨ।
ਪੰਜਾਬ ਦੇ ਬੈਕਡ੍ਰਾਪ ਆਧਾਰਿਤ ਅਤੇ ਇੱਕ ਵੱਖਰੇ ਵਿਸ਼ੇ ਅਧੀਨ ਬਣਾਈ ਜਾ ਰਹੀ ਅਪਣੀ ਇਸ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਵੀ ਵਿਖਾਈ ਦੇ ਰਹੀ ਇਹ ਹੋਣਹਾਰ ਅਦਾਕਾਰਾ, ਜਿੰਨ੍ਹਾਂ ਅਨੁਸਾਰ ਕੁਝ ਨਿਵੇਕਲਾ ਕਰਨ ਦੀ ਚਾਅ ਅਧੀਨ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਫਿਲਮਾਂ ਦੀ ਲੜੀ ਵਜੋਂ ਹੀ ਅਪਣਾ ਵਜ਼ੂਦ ਦਰਜ ਕਰਵਾਏਗੀ ਉਨ੍ਹਾਂ ਦੀ ਇਹ ਫਿਲਮ, ਜਿਸ ਨਾਲ ਜੁੜਨਾ ਕਾਫ਼ੀ ਯਾਦਗਾਰੀ ਸਿਨੇਮਾ ਅਨੁਭਵ ਵਾਂਗ ਮਹਿਸੂਸ ਹੋ ਰਿਹਾ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਐਵਾਰਡ ਵਿਨਿੰਗ ਓਟੀਟੀ ਪੰਜਾਬੀ ਫਿਲਮ 'ਪੂਰਨਮਾਸ਼ੀ' ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੀ ਹੈ ਇਹ ਬਾਕਮਾਲ ਅਦਾਕਾਰਾ, ਜੋ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਇੱਕ ਵਾਰ ਫਿਰ ਅਪਣੀ ਸ਼ਾਨਦਾਰ ਮੌਜ਼ੂਦਗੀ ਅਤੇ ਭਾਵਪੂਰਨ ਅਦਾਕਾਰੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੀ ਹੈ।
ਓਧਰ ਵਰਕਫਰੰਟ ਦੀ ਗੱਲ ਕਰੀਏ ਤਾਂ ਉਕਤ ਤੋਂ ਇਲਾਵਾ ਕੁਝ ਹੋਰ ਵੱਡੀਆਂ ਫਿਲਮਾਂ ਵਿੱਚ ਵੀ ਜਲਦ ਅਪਣੀ ਉਪ ਸਥਿਤੀ ਦਰਜ ਕਰਵਾਏਗੀ ਇਹ ਪ੍ਰਤਿਭਾਵਾਨ ਅਦਾਕਾਰਾ, ਜਿੰਨ੍ਹਾਂ ਨੂੰ ਲੈ ਕੇ ਵੀ ਉਹ ਆਸਵੰਦ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ: