ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚੋਖਾ ਨਾਮਣਾ ਖੱਟਣ ਵਿੱਚ ਸਫਲ ਰਹੀ ਹੈ ਦੋਗਾਣਾ ਗਾਇਕ ਜੋੜੀ ਬਲਕਾਰ ਅਣਖੀਲਾ ਅਤੇ ਬਲਜਿੰਦਰ ਗੁਲਸ਼ਨ, ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਅਪਣਾ ਨਵਾਂ ਗਾਣਾ 'ਮੂਸੇ ਵਾਲਾ ਜੱਟ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਹੋਟ ਸ਼ੋਟ ਮਿਊਜ਼ਿਕ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਦੋਗਾਣਾ ਗੀਤ ਨੂੰ ਆਵਾਜ਼ਾਂ ਬਲਕਾਰ ਅਣਖੀਲਾ ਅਤੇ ਮਨਜਿੰਦਰ ਗੁਲਸ਼ਨ ਵੱਲੋਂ ਦਿੱਤੀਆਂ ਗਈਆਂ ਹਨ ਅਤੇ ਗੀਤ ਰਚਨਾ ਜੰਗ ਢਿੱਲੋਂ ਦੀ ਹੈ।
ਰਮਨ ਕੁਮਾਰ ਵੱਲੋਂ ਪ੍ਰੋਡਿਊਸ ਕੀਤੇ ਜਾ ਰਹੇ ਇਸ ਦੋਗਾਣਾ ਗੀਤ ਦਾ ਸੰਗੀਤ ਇਰਿਸ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ, ਜਦਕਿ ਇਸ ਦੇ ਮਿਊਜ਼ਿਕ ਵੀਡੀਓ ਦੀ ਨਿਰਦੇਸ਼ਨਾ ਕ੍ਰਿਏਟਵ ਮਾਇੰਡ ਨੇ ਕੀਤੀ ਹੈ। ਪ੍ਰੋਜੈਕਟ ਮੈਨੇਜਰ ਗੋਰੂ ਡੋਗਰਾ ਅਤੇ ਹੈਪੀ ਬਾਬਾ ਦੇ ਸਹਿਯੋਗ ਨਾਲ ਵਜੂਦ ਵਿੱਚ ਲਿਆਂਦੇ ਗਏ ਇਸ ਦੋਗਾਣਾ ਗਾਣੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਕਤ ਗਾਇਕ ਜੋੜੀ ਨੇ ਦੱਸਿਆ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੇ ਪੰਜਾਬੀ ਸੰਗੀਤ ਖੇਤਰ ਨੂੰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਪ੍ਰਤੀ ਸਨੇਹ ਅਤੇ ਸਨਮਾਨ ਪ੍ਰਗਟ ਕਰਨ ਲਈ ਉਨ੍ਹਾਂ ਵੱਲੋਂ ਇਹ ਦੋਗਾਣਾ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਚਾਹੁੰਣ ਵਾਲਿਆ ਦੇ ਉਨਾਂ ਪ੍ਰਤੀ ਰਹੇ ਇਮੋਸ਼ਨਜ਼ ਦੀ ਵੀ ਤਰਜ਼ਮਾਨੀ ਕਰੇਗਾ।
ਦੁਨੀਆਭਰ ਵਿੱਚ ਅਪਣੀ ਵਿਲੱਖਣ ਗਾਇਕੀ ਦਾ ਲੋਹਾ ਮੰਨਵਾਉਣ ਵਾਲੀ ਇਸ ਬਾ-ਕਮਾਲ ਗਾਇਕ ਜੋੜੀ ਨੇ ਅੱਗੇ ਕਿਹਾ ਕਿ ਸਿੱਧੂ ਮੂਸੇਵਾਲਾ ਜਿੱਥੇ ਇੱਕ ਬਿਹਤਰੀਨ ਗਾਇਕ ਅਤੇ ਗੀਤਕਾਰ ਸੀ, ਉਥੇ ਇਨਸਾਨ ਦੇ ਤੌਰ 'ਤੇ ਉਸ ਦੀ ਜਿੰਨੀ ਸਿਫਤ ਕੀਤੀ ਜਾਵੇ, ਉਨੀ ਥੋੜੀ ਹੈ, ਜੋ ਹਰ ਅਪਣੇ ਹਰ ਛੋਟੇ ਵੱਡੇ ਸਿੰਗਰਜ਼ ਸਾਥੀ ਦਾ ਵੀ ਪੂਰਾ ਆਦਰ-ਸਤਿਕਾਰ ਕਰਦਾ ਸੀ, ਜਿਸ ਨੇ ਅਪਣੇ ਉੱਚੇ ਰੁਤਬੇ ਦਾ ਕਦੇ ਕਿਸੇ ਨੂੰ ਅਹਿਸਾਸ ਨਹੀਂ ਕਰਵਾਇਆ ਅਤੇ ਇਹੀ ਕਾਰਨ ਹੈ ਕਿ ਉਹ ਇਹ ਦੋਗਾਣਾ ਗਾਣਾ ਉਚੇਚੇ ਤੌਰ 'ਤੇ ਉਸ ਨੂੰ ਸਮਰਪਿਤ ਕਰਨ ਜਾ ਰਹੇ ਹਨ, ਜੋ ਉਨ੍ਹਾਂ ਵੱਲੋਂ ਅਪਣੇ ਇਸ ਮਰਹੂਮ ਸਾਥੀ ਨੂੰ ਨਿੱਘੀ ਸ਼ਰਧਾਂਜਲੀ ਵੀ ਹੋਵੇਗੀ।
ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਸੰਗੀਤ ਜਗਤ ਵਿੱਚ ਛਾਈ ਹੋਈ ਉਕਤ ਦੋਗਾਣਾ ਜੋੜੀ ਵੱਲੋਂ ਗਾਏ ਬੇਸ਼ੁਮਾਰ ਗੀਤ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ 'ਅੜਬਪੁਣਾ', 'ਜੁੱਤੀ', 'ਬਲੋਰੀ ਅੱਖ', 'ਕੰਧ ਉਹਲੇ ਪਰਦੇਸ', 'ਫੁੱਲਾਂ ਵਾਲੀ ਵੇਲ', 'ਚੂੜੀਆਂ ਦੇ ਟੋਟੇ' ਆਦਿ ਸ਼ੁਮਾਰ ਰਹੇ ਹਨ।