ਬਠਿੰਡਾ: ਪੰਜਾਬ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਲੈ ਕੇ ਜਿੱਥੇ ਸਰਕਾਰ ਸਖਤ ਹੋਈ ਹੈ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੀ ਸਖਤੀ ਦਿਖਾਈ ਜਾ ਰਹੀ ਹੈ, ਪਰ ਫਿਰ ਵੀ ਧੜੱਲੇ ਨਾਲ ਚਾਈਨਾ ਡੋਰ ਵਿਕ ਰਹੀ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਹੁਣ ਚਾਇਨਾ ਡੋਰ ਵੇਚਣ ਵਾਲਿਆਂ ਉੱਤੇ ਇਰਾਦਾ ਕਤਲ ਦੇ ਮਾਮਲੇ ਦਰਜ ਕੀਤੇ ਜਾਣਗੇ।
ਡਰੋਨ ਕੈਮਰਿਆਂ ਨਾਲ ਰੱਖੀ ਜਾਵੇਗੀ ਨਿਗਰਾਨੀ
ਉਹਨਾਂ ਨੇ ਚਾਈਨਾ ਡੋਰ ਦਵਾਉਣ ਵਾਲੇ ਮਾਪਿਆਂ ਨੂੰ ਵੀ ਕਿਹਾ ਕਿ ਅਗਰ ਕੋਈ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਦੇਖਿਆ ਗਿਆ ਤਾਂ ਉਹਨਾਂ ਉੱਪਰ ਵੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਬਸੰਤ ਪੰਚਮੀ ਉੱਤੇ ਸ਼ਹਿਰ ਵਿੱਚ ਜਿੱਥੇ ਪਤੰਗ ਉੱਡਣਗੇ, ਉੱਥੇ ਹੀ ਡਰੋਨ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਵੇਗੀ ਕਿ ਕੌਣ ਚਾਈਨਾ ਡੋਰ ਇਸਤੇਮਾਲ ਕਰ ਰਿਹਾ ਹੈ। ਇਸ ਤੋਂ ਇਲਾਵਾ ਚਾਈਨਾ ਡੋਰ ਫੜਾਉਣ ਵਾਲਿਆਂ ਨੂੰ 25 ਹਜ਼ਾਰ ਰੁਪਏ ਦਾ ਇਨਾਮ ਮਿਲੇਗਾ। ਪੁਲਿਸ ਨੇ ਡੀਜੇ ਲਾ ਕੇ ਰੋਲਾ ਪਾਉਣ ਵਾਲਿਆਂ 'ਤੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਪੁਲਿਸ ਵੱਲੋਂ ਵੀ ਪਤੰਗਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ
ਬਠਿੰਡਾ ਪੁਲਿਸ ਵੱਲੋਂ ਪਤੰਗਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹਰ ਦੁਕਾਨਦਾਰ ਨੂੰ ਵਾਰਨਿੰਗ ਦਿੱਤੀ ਗਈ ਕਿ ਜੇਕਰ ਕਿਸੇ ਕੋਲੋਂ ਚਾਈਨਾ ਡੋਰ ਮਿਲੀ ਉਸ ਉੱਤੇ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਜੇਕਰ ਕਿਸੇ ਬੱਚੇ ਕੋਲੋਂ ਚਾਈਨਾ ਡੋਰ ਮਿਲਦੀ ਹੈ ਤੇ ਉਸ ਤੋਂ ਦੁਕਾਨਦਾਰ ਦਾ ਪਤਾ ਲਗਾਇਆ ਜਾਵੇਗਾ, ਫਿਰ ਉਸ ਦੁਕਾਨਦਾਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਤੋਂ ਇਲਾਵਾ ਕਾਈਟ ਐਸੋਸੀਏਸ਼ਨ ਦੇ ਪ੍ਰਧਾਨ ਨੇ ਵੀ ਡੀਐਸਪੀ ਸਿਟੀ ਹਰਬੰਸ ਸਿੰਘ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਦੀ ਜਾਣਕਾਰੀ ਦਿੱਤੀ ਹੈ।
ਹੁਣ ਤੱਕ 6 ਲੋਕਾਂ ਦੇ ਉੱਪਰ ਮਾਮਲਾ ਦਰਜ
ਇਸੇ ਦੌਰਾਨ ਮੀਡੀਆ ਨਾਲ ਗੱਲ ਕਰਦੇ ਡੀਐਸਪੀ ਸਿਟੀ ਵਨ ਹਰਬੰਸ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਹੁਣ ਤੱਕ 6 ਲੋਕਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵੱਡੇ ਪੱਧਰ ਉੱਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਚਾਈਨਾ ਡੋਰ ਇਸਤੇਮਾਲ ਨਾ ਕਰੇ ਜੇਕਰ ਕਰਦਾ ਹੈ ਤਾਂ ਉਸ ਉੱਪਰ ਸਖ਼ਤ ਕਾਰਵਾਈ ਹੋਵੇਗੀ।