ਚੰਡੀਗੜ੍ਹ:ਪੰਜਾਬੀ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖਿੱਤੇ ਚੋਂ ਉੱਭਰੀਆਂ ਕਈ ਪ੍ਰਤਿਭਾਵਾਂ ਹੁਣ ਸਿਨੇਮਾ ਦੀ ਦੁਨੀਆਂ ਵਿੱਚ ਵੀ ਛਾਅ ਜਾਣ ਦਾ ਰਾਹ ਬੜੀ ਤੇਜ਼ੀ ਨਾਲ ਸਰ ਕਰ ਰਹੀਆਂ ਹਨ, ਜਿੰਨ੍ਹਾਂ ਵਿੱਚੋਂ ਹੀ ਮਜ਼ਬੂਤ ਪੈੜਾਂ ਸਿਰਜਣ ਵੱਲ ਵੱਧ ਰਹੇ ਕੁਝ ਚਰਚਿਤ ਚਿਹਰਿਆਂ ਵੱਲ ਆਓ ਕਰਦੇ ਹਾਂ ਵਿਸ਼ੇਸ਼ ਨਜ਼ਰਸਾਨੀ...
ਸੁਚੀ ਬਿਰਗੀ:ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਅਲਹਦਾ ਅਤੇ ਸਫਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਮਸ਼ਹੂਰ ਸੰਗੀਤਕਾਰ ਪਵਨੀਤ ਬਿਰਗੀ, ਜਿੰਨ੍ਹਾਂ ਦੀ ਹੋਣਹਾਰ ਬੇਟੀ ਸੁਚੀ ਬਿਰਗੀ ਪੀਟੀਸੀ ਪੰਜਾਬੀ ਦੇ ਅਪਾਰ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਸੀਰੀਅਲ 'ਵੰਗਾ' ਤੋਂ ਲੈ ਇਸੇ ਪਲੇਟਫ਼ਾਰਮ ਉਤੇ ਆਨ ਸਟ੍ਰੀਮ ਹੋਈ ਵੈੱਬ-ਸੀਰੀਜ਼ 'ਚੌਸਰ ਦਿ ਪਾਵਰ ਆਫ ਗੇਮ' ਆਦਿ ਜਿਹੇ ਕਈ ਪ੍ਰੋਜੈਕਟਸ ਵਿੱਚ ਆਪਣੀ ਬਹੁ-ਪੱਖੀ ਕਲਾ ਦਾ ਲੋਹਾ ਮੰਨਵਾ ਚੁੱਕੀ ਹੈ, ਜਿਸ ਵੱਲੋਂ ਲਘੂ ਫਿਲਮਾਂ 'ਉਡੀਕ', 'ਚਿੱਟੇ ਲਹੂ' ਵਿੱਚ ਨਿਭਾਈਆਂ ਲੀਡਿੰਗ ਅਤੇ ਭਾਵਨਾਤਮਕ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।
ਹਾਲ ਹੀ ਵਿੱਚ ਸਾਹਮਣੇ ਆਈ ਪੰਜਾਬੀ ਫਿਲਮ 'ਤਬਾਹੀ ਰੀਲੋਡਡ' ਦੁਆਰਾ ਸਿਲਵਰ ਸਕਰੀਨ ਉਤੇ ਸ਼ਾਨਦਾਰ ਆਮਦ ਕਰਨ ਵਾਲੀ ਇਹ ਪ੍ਰਤਿਭਾਵਾਨ ਅਦਾਕਾਰਾ ਇੱਕ ਹੋਰ ਵੱਡੀ ਫਿਲਮ 'ਪਰੇਤਾ' ਦਾ ਪ੍ਰਮੁੱਖ ਹਿੱਸਾ ਬਣਾਈ ਗਈ ਹੈ, ਜੋ ਇਸ ਪਹਿਲੀ ਡਾਰਕ ਜੋਨ ਫਿਲਮ ਤੋਂ ਇਲਾਵਾ ਸ਼ੂਰੂ ਹੋਣ ਜਾ ਰਹੇ ਕੁਝ ਹੋਰ ਮਹੱਤਵਪੂਰਨ ਫਿਲਮ ਪ੍ਰੋਜੈਕਟਾਂ ਵਿੱਚ ਵੀ ਲੀਡਿੰਗ ਕਿਰਦਾਰ ਅਦਾ ਕਰਦੀ ਨਜ਼ਰੀ ਪਵੇਗੀ।
ਨਵਕਿਰਨ ਭੱਠਲ:ਹਾਲ ਹੀ ਵਿੱਚ ਸਾਹਮਣੇ ਆਈ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਸਫਲਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫਲ ਰਹੀ ਹੈ, ਜਿਸ ਵਿੱਚੋਂ ਹੀ ਉਭਰੀ ਹੈ ਅਦਾਕਾਰਾ ਨਵਕਿਰਨ ਭੱਠਲ ਆ, ਜੋ ਅਪਣੀ ਬਾਕਮਾਲ ਅਭਿਨੈ ਸਮਰੱਥਾ ਦੇ ਮੱਦੇਨਜ਼ਰ ਦਰਸ਼ਕਾਂ ਦੇ ਦਿਲਾਂ ਵਿੱਚ ਪੂਰੀ ਤਰ੍ਹਾਂ ਛਾਅ ਜਾਣ ਵਿੱਚ ਸਫਲ ਰਹੀ ਹੈ, ਜਿਸ ਦੀ ਸਾਦ ਮੁਰਾਦੀ ਦਿਖ ਅਤੇ ਪੰਜਾਬੀਅਤ ਪਹਿਰਾਵੇ ਵਿੱਚ ਖੂਬਸੂਰਤ ਅਸਰ ਛੱਡਣ ਵਾਲੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਮੂਲ ਰੂਪ ਵਿੱਚ ਪੰਜਾਬ ਦੇ ਮੋਹਾਲੀ ਸੰਬੰਧਤ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਨੂੰ ਆਉਣ ਵਾਲੀ ਪੰਜਾਬੀ ਫਿਲਮ 'ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ' ਦਾ ਅਹਿਮ ਅਤੇ ਲੀਡਿੰਗ ਹਿੱਸਾ ਬਣਾਇਆ ਗਿਆ ਹੈ, ਜੋ ਇਸ ਆਫ ਬੀਟ ਅਤੇ ਪ੍ਰਭਾਵਪੂਰਨ ਫਿਲਮ ਦੁਆਰਾ ਪੰਜਾਬੀ ਸਿਨੇਮਾ ਦੀ ਬਰੂਹਾਂ ਉਤੇ ਸ਼ਾਨਦਾਰ ਦਸਤਕ ਦੇਣ ਜਾ ਰਹੀ ਹੈ।
ਜਸ ਢਿੱਲੋਂ:ਮਾਲਵੇ ਦੇ ਇੱਕ ਨਿੱਕੜੇ ਜਿਹੇ ਪਿੰਡ ਅਤੇ ਸਾਧਾਰਨ ਕਿਰਤੀ ਪਰਿਵਾਰ ਵਿੱਚ ਜਨਮੇ ਜਸ ਢਿੱਲੋਂ ਦੇ ਮਾਪਿਆਂ ਅਤੇ ਸੰਗੀ ਸਾਥੀਆਂ ਨੇ ਇਹ ਕਦੇ ਚਿਤਵਿਆ ਵੀ ਨਹੀਂ ਸੀ ਕਿ ਉਹ ਛੋਟੇ ਅਤੇ ਵੱਡੇ ਪਰਦੇ ਦੀ ਦੁਨੀਆ ਵਿੱਚ ਇਕਦਮ ਨਿਵੇਕਲੀ ਪਹਿਚਾਣ ਅਤੇ ਮਾਣਮੱਤਾ ਵਜ਼ੂਦ ਹਾਸਿਲ ਕਰ ਲਵੇਗਾ, ਪਰ ਦ੍ਰਿੜ ਇਰਾਦੇ ਦੇ ਹਮੇਸ਼ਾ ਧਨੀ ਰਹੇ ਇਸ ਬਾਕਮਾਲ ਅਦਾਕਾਰ ਨੇ ਅਪਣੇ ਮਨ ਵਿੱਚ ਕਿਆਸੇ ਕਲਾ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੇ ਸੁਫਨੇ ਨੂੰ ਅਪਣੀ ਸਖਤ ਮਿਹਨਤ ਅਤੇ ਸਿਰੜ ਦੇ ਚੱਲਦਿਆਂ ਆਖਰ ਸੱਚ ਕਰ ਵਿਖਾਇਆ ਹੈ।
ਸ਼ੋਸਲ ਪਲੇਟਫਾਰਮ ਉਪਰ ਇੰਨੀਂ ਦਿਨੀਂ ਧੁੰਮਾਂ ਪਾ ਰਹੀ ਹੈ ਕਾਮੇਡੀ ਡਰਾਮਾ ਅਤੇ ਪਰਿਵਾਰਿਕ ਸੀਰੀਜ਼ 'ਮਾਲਦਾਰ ਛੜਾ', ਜਿਸ ਵਿੱਚ ਨਿਭਾਏ ਜਸ ਦੇ ਕਿਰਦਾਰ ਨੇ ਉਸ ਨੂੰ ਦੁਨੀਆ ਭਰ ਵਿੱਚ ਐਸੀ ਪ੍ਰਸਿੱਧੀ ਅਤੇ ਕਰੀਅਰ ਮਜ਼ਬੂਤੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਿਹਾ ਹੈ ਇਹ ਪ੍ਰਤਿਭਾਸ਼ਾਲੀ ਅਦਾਕਾਰ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਰੋਡੇ ਕਾਲਜ' ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਦੁਆਰਾ ਹੁਣ ਸਿਲਵਰ ਸਕਰੀਨ ਉਤੇ ਛਾਅ ਜਾਣ ਵੱਲ ਵੱਧ ਚੁੱਕਾ ਹੈ।
ਆਨੰਦ ਪ੍ਰਿਯਾ:ਹਾਲ ਹੀ ਵਿੱਚ ਨੈੱਟਫਲਿਕਸ ਉਤੇ ਸਾਹਮਣੇ ਆਈ ਵੈੱਬ ਸੀਰੀਜ਼ 'ਕੋਹਰਾ' ਨਾਲ ਸਿਨੇਮਾ ਦੀ ਦੁਨੀਆ ਵਿੱਚ ਮਾਣਮੱਤੀ ਪਹਿਚਾਣ ਸਥਾਪਿਤ ਕਰਨ ਵੱਲ ਵੱਧ ਚੁੱਕੀ ਹੈ ਅਦਾਕਾਰਾ ਅਨੰਦ ਪ੍ਰਿਯਾ, ਜਿਸ ਦੀ ਕਾਬਿਲੇਦਾਦ ਰੂਪ ਧਾਰਨ ਕਰਦੀ ਜਾ ਰਹੀ ਇਸ ਪਹਿਚਾਣ ਨੂੰ ਪੁਖ਼ਤਗੀ ਦੇਣ ਵਿੱਚ ਸੋਸ਼ਲ ਪਲੇਟਫ਼ਾਰਮ ਉਤੇ ਸਟਰੀਮ ਹੋਈ 'ਯਾਰ ਚੱਲੇ ਬਾਹਰ' ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਤੋਂ ਬਾਅਦ ਅਪਣੇ ਸੁਫ਼ਨਿਆਂ ਨੂੰ ਤਾਬੀਰ ਦੇਣ ਵਲ ਲਗਾਤਾਰ ਅੱਗੇ ਵੱਧ ਰਹੀ ਇਹ ਖੂਬਸੂਰਤ ਅਦਾਕਾਰਾ ਹਾਲੀਆ ਦਿਨੀਂ ਸਾਹਮਣੇ ਆਈ ਪੰਜਾਬੀ ਫਿਲਮ 'ਰਜ਼ਾ ਏ ਇਸ਼ਕ' ਨਾਲ ਸਿਨੇਮਾ ਦੀ ਦੁਨੀਆ ਵਿੱਚ ਵੀ ਪ੍ਰਭਾਵੀ ਕਦਮ ਧਰਾਈ ਕਰ ਚੁੱਕੀ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਵੱਡੇ ਸਿਨੇਮਾ ਪ੍ਰੋਜੈਕਟਸ ਵਿੱਚ ਵੀ ਅਪਣੀ ਸ਼ਾਨਦਾਰ ਅਦਾਕਾਰੀ ਕਲਾ ਦਾ ਮੁਜ਼ਾਹਰਾ ਕਰਦੀ ਨਜ਼ਰੀ ਆਵੇਗੀ।
ਇੰਦਰ ਜੀਤ: ਸ਼ੋਸਲ ਪਲੇਟਫਾਰਮ ਉਤੇ ਬੀਤੇ ਦਿਨਾਂ ਦੌਰਾਨ ਆਨ ਸਟ੍ਰੀਮ ਹੋਈ ਵੈੱਬ ਸੀਰੀਜ਼ 'ਯਾਰ ਚੱਲੇ ਬਾਹਰ' ਨੇ ਕਈ ਨਵੀਆਂ ਪ੍ਰਤਿਭਾਵਾਂ ਦੀਆਂ ਆਸ਼ਾਵਾਂ ਨੂੰ ਬੂਰ ਪਾਉਣ ਅਤੇ ਸਿਨੇਮਾ ਦੇ ਵਿਸ਼ਾਲ ਦਾਇਰੇ ਤੱਕ ਉਨਾਂ ਨੂੰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦਾ ਹੀ ਇੱਕ ਧੁਰਾ ਬਣ ਕੇ ਸਾਹਮਣੇ ਆਇਆ ਹੈ ਅਦਾਕਾਰ ਇੰਦਰ ਜੀਤ, ਜੋ ਅਪਣੀ ਨਾਯਾਬ ਅਭਿਨੈ ਕਾਬਲੀਅਤ ਦੇ ਮੱਦੇਨਜ਼ਰ ਹੁਣ ਵੱਡੇ ਪਰਦੇ ਉਤੇ ਅਪਣੀ ਧਾਕ ਜਮਾਉਣ ਵੱਲ ਵੱਧ ਚੁੱਕਾ ਹੈ ਅਤੇ ਇਸੇ ਦਾ ਹੀ ਬਾਖ਼ੂਬੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਸ ਦੀ ਪਹਿਲੀ ਪੰਜਾਬੀ ਫਿਲਮ 'ਪਰੇਤਾ', ਜਿਸ ਵਿੱਚ ਲੀਡਿੰਗ ਕਿਰਦਾਰ ਵਿੱਚ ਨਜ਼ਰ ਆਵੇਗਾ ਇਹ ਡੈਸ਼ਿੰਗ ਅਦਾਕਾਰ, ਜੋ ਸ਼ੁਰੂ ਹੋਣ ਜਾ ਰਹੇ ਕਈ ਹੋਰ ਸਿਨੇਮਾਂ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਿਹਾ ਹੈ।