ਬਠਿੰਡਾ: ਅੱਜ ਸ਼੍ਰੋਮਣੀ ਕਮੇਟੀ ਵਲੋਂ ਅੰਤ੍ਰਿਗ ਕਮੇਟੀ ਦੀ ਮੀਟਿੰਗ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਫਾਰਗ ਕਰਕੇ ਉਨ੍ਹਾਂ 'ਤੇ ਜਾਂਚ ਬਿਠਾਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵਲੋਂ ਇਸ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਤੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ 'ਤੇ ਜਥੇਦਾਰ ਵਜੋਂ ਕੋਈ ਕਾਰਵਾਈ ਜਾਂ ਫੈਸਲਾ ਦੇਣ 'ਤੇ ਵੀ ਰੋਕ ਲਗਾਈ ਹੈ। ਇਸ 'ਚ ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇੰਝ ਹੋਵੇਗਾ।
'ਪਹਿਲਾਂ ਹੀ ਹੋ ਚੁੱਕਿਆ ਫੈਸਲਾ, ਸਿਰਫ਼ ਕਾਪੀ ਪੇਸਟ ਕਰਨਾ'
ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਫੈਸਲਾ ਸੁਣ ਕੇ ਉਨਾਂ ਨੂੰ ਕੋਈ ਹੈਰਾਨੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਇਸ ਫੈਸਲੇ ਬਾਰੇ ਪਹਿਲਾਂ ਹੀ ਪਤਾ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ 'ਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਜੋ ਤਿੰਨ ਮੈਂਬਰ ਮੇਰੇ ਵਿਰੋਧੀ ਹਨ ਤੇ ਜਿਸ ਧੜੇ ਨੇ ਮੇਰੇ 'ਤੇ ਦੋਸ਼ ਲਵਾਏ ਹਨ, ਉਹ ਹੀ ਪੜਤਾਲ ਕਰ ਰਹੇ ਤੇ ਫੈਸਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਫੈਸਲਾ ਕਰਨਾ ਨੀ, ਹੋ ਚੁੱਕਿਆ ਹੈ ਤੇ ਸਿਰਫ਼ ਕਾਪੀ ਪੇਸਟ ਹੀ ਫੈਸਲਾ ਕਰਨਾ ਹੈ।
'ਪਹਿਲਾਂ ਵੀ ਦੋਸ਼ ਲਗਾ ਕੇ ਜਥੇਦਾਰ ਕੀਤੇ ਫਾਰਗ'
ਸਿੰਘ ਸਾਹਿਬ ਨੇ ਕਿਹਾ ਕਿ ਇਹ ਵਰਤਾਰਾ ਉਨਾਂ ਨਾਲ ਨਹੀਂ ਸਗੋਂ ਇਸ ਤੋਂ ਪਹਿਲਾਂ ਆਏ ਜਥੇਦਾਰਾਂ ਨਾਲ ਅਤੇ ਆਉਣ ਵਾਲੇ ਜਥੇਦਾਰਾਂ ਨਾਲ ਵੀ ਇਸੇ ਤਰ੍ਹਾਂ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੈਨੂੰ ਕੋਈ ਫਿਕਰ ਜਾਂ ਡਰ ਨਹੀਂ ਹੈ, ਕਿਉਂਕਿ ਮੈਂ ਕੋਈ ਪਹਿਲਾਂ ਅਜਿਹਾ ਜਥੇਦਾਰ ਨਹੀਂ ਹਾਂ, ਜਿਸ ਨੂੰ ਜ਼ਲੀਲ ਕਰਕੇ ਜਾਂ ਦੋਸ਼ ਲਗਾ ਕੇ ਕੱਢਿਆ ਜਾ ਰਿਹਾ ਹੈ ਤੇ ਨਾ ਹੀ ਮੈਂ ਆਖਰੀ ਜਥੇਦਾਰ ਹਾਂ, ਕਿਉਂਕਿ ਇਹ ਵਰਤਾਰਾ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਸੇ ਸਾਬਕਾ ਜਥੇਦਾਰ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਜਦੋਂ ਉਸ ਜਥੇਦਾਰ ਨੂੰ ਅਹੁੱਦੇ ਤੋਂ ਹਟਾਉਣਾ ਸੀ ਤਾਂ ਅੰਤ੍ਰਿਗ ਕਮੇਟੀ ਨੇ ਮੀਟਿੰਗ ਕੀਤੀ ਤੇ ਫਿਰ ਵਿਚਾਰਾਂ ਹੋਈਆਂ ਕਿ ਉਨ੍ਹਾਂ 'ਤੇ ਇਲਜ਼ਾਮ ਕੀ ਲਗਾਏ ਜਾਣ ਕਿਉਂਕਿ ਮੀਡੀਆ ਵੀ ਬਾਹਰ ਬੈਠਾ ਸੀ। ਜਿਸ ਤੋਂ ਬਾਅਦ ਕਿਸੇ ਮੈਂਬਰ ਨੇ ਸਲਾਹ ਦਿੱਤੀ ਕਿ ਕਹਿ ਦਿਓ ਕਿ ਇੰਨ੍ਹਾਂ ਦੇ ਦੋਸ਼ ਬੜੇ ਗੰਭੀਰ ਨੇ, ਜੋ ਦੱਸੇ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਅਗਲੇ ਦਿਨ ਅਖਬਾਰਾਂ 'ਚ ਖ਼ਬਰ ਛੱਪ ਗਈ ਕਿ ਗੰਭੀਰ ਦੋਸ਼ਾਂ ਦੇ ਚੱਲਦੇ ਜਥੇਦਾਰ ਨੂੰ ਅਹੁੱਦੇ ਤੋਂ ਕੀਤਾ ਫਾਰਗ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਅੱਜ ਵੀ ਮੌਜੂਦ ਹਨ।
'ਪੰਥ ਲਈ ਲੜਾਂਗਾ ਤੇ ਪੰਥ ਲਈ ਮਰਾਂਗਾ'
ਉਨ੍ਹਾਂ ਕਿਹਾ ਕਿ ਮੈਨੂੰ ਕੋਈ ਫਿਕਰ ਨਹੀਂ ਤੇ ਭਾਵੇਂ ਹੀ ਮੈਨੂੰ ਬਰਖਾਸਤ ਕਰ ਦਿਓ, ਫਿਰ ਮੈਂ ਖੁੱਲ੍ਹ ਕੇ ਧਰਮ ਤੇ ਬਾਣੀ ਦਾ ਪ੍ਰਚਾਰ ਕਰ ਸਕਾਂਗਾ ਅਤੇ ਬੇਬਾਕੀ ਨਾਲ ਗੱਲ ਕਰਾਗਾਂ ਤੇ ਪੰਥਕ ਲਈ ਲੜਾਂਗਾ, ਖੜਾਂਗਾ ਤੇ ਮਰ ਵੀ ਜਾਵਾਂਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ 'ਤੇ ਜੋ ਵੀ ਇਲਜ਼ਾਮ ਲੱਗੇ ਹਨ, ਉਸ ਸਬੰਧੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਜਵਾਬ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਇੰਨੀ ਕੁ ਖੁਸ਼ੀ ਜ਼ਰੂਰ ਹੈ ਕਿ ਮੇਰੀ ਪੰਥ ਨਾਲ ਬਣੀ ਹੈ। ਉਨ੍ਹਾਂ ਕਿਹਾ ਕਿ ਮੇਰੀ ਸੰਗਤ ਨਾਲ ਸਾਂਝ ਰਹੇ ਤੇ ਪੰਥ ਨਾਲ ਬਣੀ ਰਹੇ, ਹੋਰ ਮੈਂ ਕੁਝ ਨਹੀਂ ਲੈਣਾ। ਉਨ੍ਹਾਂ ਕਿਹਾ ਕਿ ਮੈਂ ਮਰਾਂ ਜਾਂ ਜਿਉਂਦਾ ਰਹਾਂ ਪਰ ਮੇਰੀ ਪੰਥ ਨਾਲ ਸਾਂਝ ਨਹੀਂ ਟੁੱਟਣੀ ਚਾਹੀਦੀ, ਕਿਉਂਕਿ ਅਹੁੱਦੇ ਆਉਂਦੇ ਨੇ ਤੇ ਅਹੁੱਦੇ ਜਾਂਦੇ ਨੇ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
'ਪੂਰਾ ਠੋਕ ਕੇ ਤੇ ਦਲੀਲ ਨਾਲ ਦੇਵਾਂਗਾ ਜਵਾਬ'
ਇਸ ਦੇ ਨਾਲ ਹੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਕਿਸੇ ਪੱਤਰਕਾਰ ਨੇ 10-11 ਸਵਾਲ ਭੇਜੇ ਹਨ, ਜਿਸ 'ਚ ਪੱਤਰਕਾਰ ਨੇ ਕਿਹਾ ਕਿ ਉਸ ਨੂੰ ਚੰਡੀਗੜ੍ਹ ਤੋਂ ਆਈਟੀ ਵਿੰਗ ਵਲੋਂ ਇਹ ਸਵਾਲ ਭੇਜੇ ਗਏ ਹਨ। ਇਸ 'ਤੇ ਜਥੇਦਾਰ ਨੇ ਕਿਹਾ ਕਿ ਸ਼ਹੀਦੀ ਪੰਦਰਵਾੜੇ ਕਰਕੇ ਉਹ ਹਾਲੇ ਕੁਝ ਵੀ ਬੋਲਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਠੋਕ ਕੇ ਦਲੀਲ ਨਾਲ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜ਼ਰੂਰ ਦੇਣਗੇ।
15 ਦਿਨਾਂ 'ਚ ਕਮੇਟੀ ਸੌਂਪੇਗੀ ਜਾਂਚ ਰਿਪੋਰਟ
ਕਾਬਿਲੇਗੌਰ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਸਾਂਢੂ ਦੱਸੇ ਜਾਂਦੇ ਵਿਅਕਤੀ ਵਲੋਂ ਉਨ੍ਹਾਂ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ, ਜਿਸ ਦੇ ਚੱਲਦੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਸ 'ਚ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਕਮੇਟੀ 'ਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਅਤੇ ਅੰਤ੍ਰਿਗ ਮੈਂਬਰ ਦਲਜੀਤ ਸਿੰਘ ਭਿੰਡਰ ਜਾਂਚ ਕਰਨਗੇ, ਜੋ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਸੌਂਪਣਗੇ।