ਮਾਨਸਾ: ਸ਼ਹਿਰ ਵਿੱਚੋਂ ਰਾਤ ਸਮੇਂ ਨਵੀਂ ਸਕਾਰਪੀਓ ਗੱਡੀ ਚੋਰੀ ਹੋਣ ਤੋਂ ਬਾਅਦ ਮਾਨਸਾ ਪੁਲਿਸ ਵੱਲੋਂ ਸਕਾਰਪੀਓ ਗੱਡੀ ਨੂੰ ਚੋਰੀ ਕਰਕੇ ਲਿਜਾਣ ਵਾਲੇ ਹਰਿਆਣਾ ਵਾਸੀ 4 ਮੈਂਬਰਾਂ ਨੂੰ ਇੱਕ ਔਰਤ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮਾਂ ਤੋਂ ਚੋਰੀ ਦੀਆਂ 2 ਹੋਰ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
16 ਦਸੰਬਰ ਦੀ ਰਾਤ ਕਾਰ ਹੋਈ ਸੀ ਚੋਰੀ
ਮਾਨਸਾ ਸ਼ਹਿਰ ਦੇ ਵਾਟਰ ਵਰਕਸ ਰੋਡ ਤੋਂ 16 ਦਸੰਬਰ ਦੀ ਰਾਤ ਸਕਾਰਪੀਓ ਗੱਡੀ ਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਫਰਾਰ ਹੋ ਗਏ ਸਨ। ਗੱਡੀ ਦੇ ਮਾਲਕ ਅਮਨਦੀਪ ਸਿੰਘ ਵੱਲੋਂ ਮਾਨਸਾ ਦੇ ਥਾਣਾ ਸਿਟੀ ਵਨ ਦੀ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਅਤੇ ਟੈਕਨੀਕਲ ਟੀਮ ਦੀ ਮਦਦ ਦੇ ਨਾਲ ਸਕਾਰਪੀਓ ਗੱਡੀ ਬਰਾਮਦ ਕਰ ਲਈ ਹੈ। ਡੀਐਸਪੀ ਬੂਟਾ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਵਾਸੀ ਅਮਨਦੀਪ ਸਿੰਘ ਦੀ ਸਕਾਰਪੀਓ ਗੱਡੀ ਚੋਰੀ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਗੱਡੀ ਨੂੰ ਬਰਾਮਦ ਕਰਕੇ 7 ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਇੱਕ ਔਰਤ ਸਮੇਤ ਚਾਰ ਗ੍ਰਿਫਤਾਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਸਮੇਤ ਇੱਕ ਔਰਤ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ ਸਕਾਰਪੀਓ ਗੱਡੀ, ਇੱਕ ਕਰੇਟਾ ਗੱਡੀ ਮੁਹਾਲੀ ਨੰਬਰ ਅਤੇ ਵਰਨਾ ਗੱਡੀ ਵੀ ਬਰਾਮਦ ਕੀਤੀ ਗਈ ਹੈ। ਇਸ ਗਿਰੋਹ ਦੇ ਸਾਰੇ ਹੀ ਮੈਂਬਰਾਂ ਉੱਤੇ ਦਰਜਨਾਂ ਗੱਡੀਆਂ ਚੋਰੀ ਦੇ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਇਹ ਗਿਰੋਹ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ ਅਤੇ ਜਿੰਨ੍ਹਾਂ ਵੱਲੋਂ ਪੰਜਾਬ ਦੇ ਵਿੱਚ ਹੋਰ ਵੀ ਜ਼ਿਲ੍ਹਿਆਂ ਵਿੱਚ ਗੱਡੀਆਂ ਨੂੰ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਹ ਗੱਡੀਆਂ ਨੂੰ ਅੱਗੇ ਚਾਸੀ ਨੰਬਰਾਂ ਅਤੇ ਉਹਨਾਂ ਦੇ ਪਾਰਟ ਬਦਲ ਕੇ ਅੱਗੇ ਸੇਲ ਕਰਦੇ ਸਨ।
ਸਕਾਰਪੀਓ ਗੱਡੀ ਦੇ ਮਾਲਕ ਅਮਨਦੀਪ ਸਿੰਘ ਨੇ ਦੱਸਿਆ ਕਿ 16 ਦਸੰਬਰ ਦੀ ਰਾਤ ਉਸ ਦੀ ਸਕਾਰਪੀਓ ਗੱਡੀ ਚੋਰੀ ਹੋ ਗਈ ਸੀ, ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ ਮਾਨਸਾ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਵੱਲੋਂ ਉਨਾਂ ਦੀ ਗੱਡੀ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਗੱਡੀ ਦੇ ਟਾਇਰ ਅਤੇ ਕੁਝ ਪਾਰਟ ਬਦਲੇ ਹੋਏ ਹਨ।