ਚੰਡੀਗੜ੍ਹ: ਕਿਸਾਨਾਂ ਦੀਆਂ ਹੱਕੀਆਂ ਮੰਗਾਂ ਨੂੰ ਲੈ ਕੇ ਆਪਣੀ ਜਾਨ ਦੀ ਬਾਜ਼ੀ ਲਗਾਉਣ ਵਾਲੇ ਅਤੇ 24 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਖਰਾਬ ਹੋ ਰਹੀ ਹੈ। ਹੁਣ ਇਸ ਨੂੰ ਲੈ ਕੇ ਹਰ ਕੋਈ ਚਿੰਤਤ ਹੈ। ਇਸ ਨੂੰ ਲੈ ਕੇ ਹੁਣ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਮੋਰਚੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦਸ ਦਈਏ ਕਿ ਖਨੌਰੀ ਬਾਰਡਰ ਤੋਂ ਕਿਸਾਨ ਆਗੂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾ ਜਾਣਕਾਰੀ ਦਿੱਤੀ ਸਾਂਝੀ ਕੀਤੀ ਹੈ।
2 ਦਰਜਨ ਡਾਕਟਰਾਂ ਦੀਆਂ ਟੀਮਾਂ ਆਈਆਂ
ਕਿਸਾਨ ਆਗੂ ਨੇ ਲੋਕਾਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ਼ ਕਰਨ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਡਾਕਟਰਾਂ ਦੀ ਟੀਮ ਨੂੰ ਖਨੌਰੀ ਬਾਰਡਰ 'ਤੇ ਭੇਜਿਆ ਗਿਆ ਸੀ।ਇਸ ਦੇ ਨਾਲ ਹੀ ਡਾਕਟਰ ਸੈਵਮਾਨ ਦੀ ਟੀਮ ਵੱਲੋਂ ਲਗਾਤਾਰ ਡੱਲੇਵਾਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਸਿਹਤ ਬਾਰੇ ਮੈਡੀਕਲ ਬੁਲੇਟਿਨ ਵੀ ਜਾਰੀ ਕੀਤਾ ਜਾਂਦਾ ਹੈ ਪਰ ਇਸ ਸਭ ਦੇ ਦੌਰਾਨ ਅੱਜ ਸਰਕਾਰ ਵੱਲੋਂ 2 ਦਰਜਨ ਡਾਕਟਰਾਂ ਦੀ ਟੀਮ ਨੂੰ ਡੱਲੇਵਾਲ ਦੀ ਸਿਹਤ ਦੀ ਜਾਂਚ ਲਈ ਭੇਜਿਆ ਗਿਆ।ਜਿਸ 'ਤੇ ਕਿਸਾਨ ਆਗੂਆਂ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ੳੇੁਨ੍ਹਾਂ ਆਖਿਆ ਕਿ ਜਦੋਂ ਪਹਿਲਾਂ ਹੀ ਸਰਕਾਰੀ ਟੀਮ ਡੱਲੇਵਾਲ ਦੀ ਜਾਂਚ ਲਈ ਮੌਜੂਦ ਸੀ ਤਾਂ ਉਸ ਨੂੰ ਬਦਲਿਆ ਕਿਉਂ ਗਿਆ ਅਤੇ ਜੇਕਰ ਬਦਲਣਾ ਹੀ ਸੀ ਫਿਰ 2 ਦਰਜਨ ਡਾਕਟਰਾਂ ਨੂੰ ਭੇਜਣ ਦੀ ਕੀ ਲੋੜ ਸੀ?
ਡਾਕਟਰਾਂ ਦੇ ਬਾਣੇ 'ਚ ਕਮਾਂਡੋ ਪੁਲਿਸ
ਕਿਸਾਨ ਆਗੂਆਂ ਨੇ ਆਖਿਆ ਕਿ ਸਰਕਾਰਾਂ ਕਿਸੇ ਵੀ ਤਰੀਕੇ ਜਿੱਥੇ ਅੰਦੋਲਨ ਨੂੰ ਖ਼ਰਾਬ ਕਰਨਾ ਚਾਹੁੰਦੀਆਂ ਨੇ ਉੱਥੇ ਹੀ ਡੱਲੇਵਾਲ ਦਾ ਮਰਨ ਵਰਤ ਵੀ ਤੜਵਾਉਣ ਦੀ ਫਿਕਾਰ 'ਚ ਹਨ। ਉਨ੍ਹਾਂ ਆਖਿਆ ਕਿ 2 ਦਰਜਨ ਡਾਕਟਰਾਂ ਦੇ ਬਣੇ 'ਚ ਕਮਾਂਡੋ ਪੁਲਿਸ ਨੂੰ ਭੇਜਿਆ ਗਿਆ ਤਾਂ ਜੋ ਡਾਕਟਰਾਂ ਵਾਲੀ ਗੱਡੀ 'ਚ ਡੱਲੇਵਾਲ ਨੂੰ ਚੱਕ ਕੇ ਲਜਾਇਆ ਜਾ ਸਕੇ ਅਤੇ ਆਪਣੀ ਕੈਦ 'ਚ ਰੱਖਿਆ ਜਾਵੇ।ਇਸ ਕਾਰਨ ਖਨੌਰੀ ਬਾਰਡਰ ਦੇ ਨਾਲ ਲਗਦੇ ਇਲਾਕੇ 'ਚ ਪੁਲਿਸ ਨੂੰ ਭੇਜਿਆ ਜਾ ਰਿਹਾ ਅਤੇ ਰਸਤੇ ਬੰਦ ਕੀਤੇ ਜਾ ਰਹੇ ਹਨ।
ਲੋਕਾਂ ਨੂੰ ਮੋਰਚੇ ਤੋਂ ਅਪੀਲ਼
ਕਿਸਾਨ ਆਗੂ ਨੇ ਲੋਕਾਂ ਨੂੰ ਅਪੀਲ਼ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਮੋਰਚੇ 'ਚ ਸ਼ਾਮਿਲ ਹੋਣਾ ਚਾਹੀਦਾ ਹੈ।ਉਨ੍ਹਾਂ ਆਖਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ 'ਚ ਆਈ ਪੁਲਿਸ ਨੂੰ ਸਵਾਲ ਕਰਨੇ ਚਾਹੀਦੇ ਨੇ ਅਤੇ ਪਿੰਡਾਂ 'ਚੋਂ ਬਾਹਰ ਕੱਢਣਾ ਚਾਹੀਦਾ ਹੈ, ਕਿਉਂਕਿ ਜੋ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤਾਂ ਤੁਸੀਂ ਪਿੰਡਾਂ 'ਚ ਕਿਉਂ ਆਏ ਹੋ?ਇਸ ਦੇ ਨਾਲ ਹੀ ਆਖਿਆ ਗਿਆ ਕਿ ਹੁਣ ਸਮਾਂ ਆ ਗਿਆ ਜਦੋਂ ਮੋਰਚੇ ਨੂੰ ਜਿੱਤਣ ਲਈ ਸਭ ਨੂੰ ਇੱਕਜੁਟ ਹੋਣਾ ਚਾਹੀਦਾ ਹੈ।
ਕਿਸਾਨਾਂ ਦੇ ਮੁੱਖ ਮੰਤਰੀ ਸਵਾਲ
ਇੱਕ ਪਾਸੇ ਜਿੱਥੇ ਕਿਸਾਨ ਲੀਡਰਾਂ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਮੋਰਚੇ 'ਚ ਆੳੇਣ ਦੀ ਅਪੀਲ਼ ਕੀਤੀ ਗਈ ਤਾਂ ਦੂਜੇ ਪਾਸੇ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਖੜ੍ਹੇ ਕਰਦੇ ਕਿਹਾ ਕਿ "ਜਦੋਂ ਬਾਕੀ ਲੀਡਰ ਖਨੌਰੀ ਮੋਰਚੇ 'ਚ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਗੱਲਬਾਤ ਕਰ ਸਕਦੇ ਨੇ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣ ਸਕਦੇ ਨੇ ਤਾਂ ਭਗਵੰਤ ਮਾਨ ਨੂੰ ਧਰਨੇ 'ਚ ਆਉਂਦੇ ਸ਼ਰਮ ਕਿਉਂ ਆ ਰਹੀ ਹੈ? ਜਦੋਂ ਕੇਜਰੀਵਾਲ 'ਤੇ ਪਰਚਾ ਹੋਇਆ ਸੀ ਤਾਂ ਸਾਰੀ ਆਮ ਆਦਮੀ ਪਾਰਟੀ ਨੇ ਦਿੱਲੀ ਜਾ ਕੇ ਸੜਕਾਂ 'ਤੇ ਬੈਠ ਭੱੁਖ ਹੜਤਾਲ ਕੀਤੀ ਤਾਂ ਹੁਣ ਕਿਸਾਨਾਂ ਦੀ ਆਵਾਜ਼ ਅਤੇ ਕਿਸਾਨਾਂ ਦਾ ਦਰਦ ਕਿਉਂ ਨਹੀਂ ਦਿਖਾਈ ਦੇ ਰਿਹਾ।"?
ਮੁੱਖ ਮੰਤਰੀ ਦੀ ਕੇਂਦਰ ਨੂੰ ਸਲਾਹ
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ, ਕਿਸਾਨਾਂ ਨੂੰ ਬੁਲਾ ਕੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਕਿਉਂਕਿ ਕੋਈ ਵੀ ਮਸਲਾ ਗੱਲ-ਬਾਤ ਨਾਲ ਹੀ ਹੱਲ ਹੁੰਦਾ ਹੈ, ਜਿੱਦ ਨਾਲ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਜਾ ਸਕਦਾ।