ਮੋਗਾ : ਜ਼ਿਲ੍ਹੇ ਦੇ ਪਿੰਡ ਚੜਿੱਕ ਦੇ ਰਹਿਣ ਵਾਲੇ ਕੁਲਵੰਤ ਸਿੰਘ ਜੋ ਕਿ ਫੌਜ ਵਿੱਚ ਡਿਊਟੀ ਨਿਭਾ ਰਹੇ ਸੀ ਰਹੇ ਸਨ ਅਤੇ 20 ਅਪ੍ਰੈਲ 2023 ਨੂੰ ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਪਿਛਲੇ ਦਿਨੀਂ ਸ਼ਹੀਦ ਕੁਲਵੰਤ ਸਿੰਘ ਨੂੰ ਫੌਜ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਜੋ ਉਹਨਾਂ ਦੀ ਪਤਨੀ ਨੇ ਪ੍ਰਾਪਤ ਕੀਤਾ। ਸੈਨਾ ਮੈਡਲ ਮਿਲਣ ਤੋਂ ਬਾਅਦ ਪੂਰੇ ਪਿੰਡ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਜਿੱਥੇ ਇੱਕ ਪਾਸੇ ਪੂਰਾ ਪਿੰਡ ਪਿਓ-ਪੁੱਤ ਦੀ ਸ਼ਹਾਦਤ ਉੱਤੇ ਮਾਣ ਮਹਿਸੂਸ ਕਰ ਰਿਹਾ, ਉੱਥੇ ਹੀ ਪਿੰਡ ਵਾਸੀਆਂ ਨੂੰ ਸਰਕਾਰ ਨਾਲ ਸ਼ਿਕਵਾ ਵੀ ਹੈ।
ਪਹਿਲਾ ਪਿਤਾ ਤੇ ਫਿਰ ਪੁੱਤ ਨੇ ਦਿੱਤੀ ਸ਼ਹਾਦਤ
ਪਿੰਡ ਚੜਿੱਕ ਦੇ ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਨੇ 1993 ਵਿੱਚ ਕਾਰਗਿਲ ਜੰਗ ਦੌਰਾਨ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਸ ਸਮੇਂ ਕੁਲਵੰਤ ਸਿੰਘ 2 ਸਾਲ ਦਾ ਸੀ। ਇਸੇ ਤਰ੍ਹਾਂ ਜਦੋਂ 20 ਅਪ੍ਰੈਲ 2023 ਨੂੰ ਕੁਲਵੰਤ ਸਿੰਘ ਸ਼ਹੀਦ ਹੋਇਆ ਤਾਂ ਉਸ ਦੀ ਧੀ 2 ਸਾਲ ਦੀ ਸੀ। ਲਾਂਸ ਨਾਇਕ ਕੁਲਵੰਤ ਸਿੰਘ ਦੀ ਮਾਂ ਨੇ ਦੱਸਿਆ ਕਿ 'ਜਦੋਂ ਮੇਰਾ ਬੇਟਾ ਫੌਜ 'ਚ ਭਰਤੀ ਹੋਣ ਲਈ ਘਰੋਂ ਨਿਕਲਿਆ ਤਾਂ ਉਸ ਨੇ ਮੈਨੂੰ ਕਿਹਾ ਸੀ ਕਿ ਉਸ ਨੂੰ ਕੁਝ ਨਹੀਂ ਹੋਵੇਗਾ ਅਤੇ ਸਭ ਕੁਝ ਠੀਕ ਹੋ ਜਾਵੇਗਾ।
ਸ਼ਹੀਦ ਦੀ ਪਤਨੀ ਨੇ ਪਰਿਵਾਰ ਨਾਲੋਂ ਤੋੜਿਆ ਨਾਤਾ
ਸ਼ਹੀਦ ਕੁਲਵੰਤ ਸਿੰਘ ਦੀ ਮਾਤਾ ਹਰਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪਤੀ ਸ਼ਹੀਦ ਬਲਦੇਵ ਸਿੰਘ ਅਤੇ ਪੁੱਤਰ ਸ਼ਹੀਦ ਕੁਲਵੰਤ ਸਿੰਘ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਰਕਾਰ ਨਾਲ ਉਨ੍ਹਾਂ ਦੀ ਨਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿੰਡ ਦੇ ਸਰਕਾਰੀ ਸਕੂਲ ਨੂੰ ਬਾਰਵੀਂ ਤੱਕ ਕਰਨ ਦੀ ਗੱਲ ਕਹੀ ਸੀ ਅਤੇ ਕੁਲਵੰਤ ਸਿੰਘ ਦਾ ਬੁੱਤ ਲਗਾਉਣ ਬਾਰੇ ਵੀ ਭਰੋਸਾ ਦਿੱਤਾ ਸੀ, ਜੋ ਕੀ ਹੁਣ ਤੱਕ ਪੂਰਾ ਨਹੀਂ ਕੀਤਾ ਗਿਆ। ਮਾਂ ਨੇ ਕਿਹਾ ਕਿ ਸ਼ਹੀਦ ਹੋਏ ਪੁੱਤ ਕੁਲਵੰਤ ਸਿੰਘ ਦੀ ਪਤਨੀ ਹਰਦੀਪ ਕੌਰ ਨੇ ਵੀ ਮੇਰੇ ਨਾਲ ਸੰਬੰਧ ਤੋੜ ਲਏ। ਮੇਰੇ ਪਤੀ ਅਤੇ ਮੇਰੇ ਪੁੱਤਰ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਮੇਰੀ ਕਿਸੇ ਨੇ ਵੀ ਸਾਰ ਨਹੀਂ ਲਈ। ਪਿੰਡ ਵਾਸੀਆਂ ਨੇ ਦੱਸਿਆ ਕਿ ਕੁਲਵੰਤ ਸਿੰਘ ਬਹੁਤ ਹੀ ਹਸਮੁੱਖ ਇਨਸਾਨ ਸੀ ਅਤੇ ਉਨ੍ਹਾਂ ਵਿੱਚ ਦੇਸ਼ ਦੀ ਸੇਵਾ ਕਰਨ ਦੀ ਭਾਵਨਾ ਸੀ। ਉਨ੍ਹਾਂ ਨੇ ਆਪਣੇ ਪਿਤਾ ਵਾਂਗ ਦੇਸ਼ ਲਈ ਸ਼ਹਾਦਤ ਦੇ ਦਿੱਤੀ।
ਪਿੰਡ ਵਾਸੀਆਂ ਨੂੰ ਸਰਕਾਰ ਨਾਲ ਮਲਾਲ
ਪਿੰਡ ਵਾਸੀ ਨਾਇਬ ਸਿੰਘ ਨੇ ਦੱਸਿਆ ਕਿ ਸਾਡਾ ਪੂਰਾ ਪਿੰਡ ਹੀ ਸ਼ਹੀਦਾਂ ਦਾ ਹੈ। ਜਦੋਂ ਸ਼ਹੀਦ ਕੁਲਵੰਤ ਸਿੰਘ ਅਜੇ 2 ਸਾਲ ਦਾ ਸੀ ਤਾਂ ਉਸ ਸਮੇਂ ਉਹਨਾਂ ਦੇ ਪਿਤਾ ਬਲਦੇਵ ਸਿੰਘ ਦੇਸ਼ ਲਈ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਮਾਂ ਨੇ ਬਹੁਤ ਮੁਸ਼ਕਿਲਾਂ ਝੱਲ ਆਪਣੇ ਪੁੱਤ ਨੂੰ ਜਵਾਨ ਕੀਤਾ ਤੇ ਫਿਰ ਫੌਜ ਵਿੱਚ ਭਰਤੀ ਕਰਵਾਇਆ। ਆਪਣੇ ਪਿਤਾ ਦੇ ਕਦਮਾਂ ਉੱਤੇ ਚੱਲਦੇ ਹੋਏ ਕੁਲਵੰਤ ਸਿੰਘ ਵੀ ਸ਼ਹੀਦ ਹੋ ਗਿਆ।
ਨਾਇਬ ਨੇ ਦੱਸਿਆ ਕਿ ਜਦੋਂ ਕੁਲਵੰਤ ਸਿੰਘ ਸ਼ਹੀਦ ਹੋਇਆ ਸੀ ਤਾਂ ਉਸ ਤੋਂ ਮਗਰੋਂ ਸਾਡੇ ਪਿੰਡ ਵਾਸੀਆਂ ਨੇ ਸਰਕਾਰ ਅੱਗੇ ਅਪੀਲ ਕੀਤੀ ਸੀ ਪਿੰਡ ਵਿੱਚ ਪਿਓ-ਪੁੱਤ ਦੇ ਬੁੱਤ ਲਗਾਏ ਜਾਣ, ਪਿੰਡ ਵਿੱਚ 12ਵੀਂ ਤੱਕ ਸਕੂਲ ਬਣਾਇਆ ਜਾਵੇ। ਉਸ ਸਮੇਂ ਸਰਕਾਰ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਪਰ ਸਾਡੀ ਕੋਈ ਮੰਗ ਪੂਰੀ ਨਹੀਂ ਹੋਈ। ਇਸ ਤੋਂ ਮਗਰੋਂ ਸ਼ਹੀਦ ਕੁਲਵੰਤ ਸਿੰਘ ਦੀ ਮਾਤਾ ਨੇ ਖੁਦ ਪੈਸੇ ਖਰਚ ਕਰਕੇ ਪਿੰਡ ਵਿੱਚ ਆਪਣੇ ਪਤੀ ਤੇ ਪੁੱਤ ਦਾ ਬੁੱਤ ਲਗਵਾਇਆ ਹੈ। ਉਹਨਾਂ ਨੇ ਦੱਸਿਆ ਕਿ ਜੋ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਮਾਲੀ ਸਹਾਇਤਾ ਮਿਲੀ ਸੀ, ਉਸ ਵਿੱਚੋਂ ਸ਼ਹੀਦ ਕੁਲਵੰਤ ਸਿੰਘ ਦੀ ਪਤਨੀ 60 ਲੱਖ ਰੁਪਏ ਲੈ ਕੇ ਵੱਖਰੀ ਹੋ ਗਈ ਜੋ ਅੱਜ-ਕੱਲ੍ਹ ਮੋਗਾ ਵਿੱਚ ਰਹਿ ਰਹੀ ਹੈ। ਜੋ ਪੈਸੇ ਬਚੇ ਸਨ ਸ਼ਹੀਦ ਦੀ ਮਾਤਾ ਨੇ ਉਹਨਾਂ ਪੈਸਿਆਂ ਦੀ ਵਰਤੋਂ ਕਰਕੇ ਇਹ ਬੁੱਤ ਲਗਵਾਏ ਹਨ। ਸਰਕਾਰ ਨੇ ਇਹਨਾਂ ਦੀ ਕੋਈ ਮਦਦ ਨੀ ਕੀਤੀ।