ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮੌਜੂਦਾ ਮੁਹਾਂਦਰੇ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਵੇਖਣਾ ਕਾਫੀ ਸੁਖਦ ਦ੍ਰਿਸ਼ਾਵਲੀ ਦਾ ਇਜ਼ਹਾਰ ਕਰਵਾਉਂਦਾ ਹੈ ਕਿ ਅਜੋਕੇ ਸਮੇਂ ਜਿਆਦਾਤਰ ਨਿਰਦੇਸ਼ਕ ਕੁਝ ਨਾ ਕੁਝ ਨਿਵੇਕਲਾ ਕਰਨ ਲਈ ਯਤਨਸ਼ੀਲ ਹੋ ਰਹੇ ਹਨ, ਜਿੰਨ੍ਹਾਂ ਦੀ ਹੀ ਜਾਰੀ ਇਸ ਮਾਣਮੱਤੀ ਕਵਾਇਦ ਲੜੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਪੰਜਾਬੀ ਵੈੱਬ ਫਿਲਮ 'ਹਸੂੰ ਹਸੂੰ ਕਰਦੇ ਚਿਹਰੇ', ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
'ਅਯਾਤ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਵੈੱਬ ਫਿਲਮ ਦਾ ਲੇਖਨ ਸਪਿੰਦਰ ਸਿੰਘ ਸ਼ੇਰਗਿੱਲ ਅਤੇ ਨਿਰਦੇਸ਼ਨ ਜੱਸੀ ਮਾਨ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ, ਸਫਲ ਅਤੇ ਬਹੁ-ਚਰਚਿਤ ਫਿਲਮਾਂ ਨਾਲ ਐਸੋਸੀਏਟ ਨਿਰਦੇਸ਼ਕ ਦੇ ਤੌਰ 'ਤੇ ਵੀ ਜੁੜੇ ਰਹੇ ਹਨ, ਜਿੰਨ੍ਹਾਂ ਵਿੱਚ ਹਾਲ ਹੀ ਵਿੱਚ ਸਾਹਮਣੇ ਆਈਆਂ 'ਬਲੈਕੀਆ', 'ਨਿਸ਼ਾਨਾ', 'ਘੋੜਾ ਢਾਈ ਕਦਮ', 'ਬਲੈਕੀਆ 2' ਅਤੇ 'ਫਿਰ ਮਾਮਲਾ ਗੜਬੜ ਹੈ' ਆਦਿ ਸ਼ੁਮਾਰ ਰਹੀਆਂ ਹਨ।
ਪੰਜਾਬ ਦੇ ਮੋਹਾਲੀ ਅਤੇ ਮਾਲਵਾ ਖੇਤਰ ਵਿੱਚ ਤੇਜ਼ੀ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਇਸ ਸੀਰੀਜ਼ ਦੀ ਸਟਾਰ-ਕਾਸਟ ਵਿੱਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਵੋਹਰੇ, ਜਗਮੀਤ ਕੌਰ, ਸੁਖਮਨੀ ਕੌਰ, ਧਰਮਿੰਦਰ ਕੌਰ ਅਤੇ ਰਵਿੰਦਰ ਮੰਡ, ਰਾਜੀਵ ਮਹਿਰਾ, ਨਵਦੀਪ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਚਿਹਰੇ ਸ਼ਾਮਿਲ ਹਨ।
ਪਾਲੀਵੁੱਡ ਦੇ ਕਈ ਮੰਝੇ ਹੋਏ ਨਿਰਦੇਸ਼ਕਾਂ ਨਾਲ ਬਤੌਰ ਐਸੋਸੀਏਟ ਨਿਰਦੇਸ਼ਕ ਕੰਮ ਕਰਨ ਦਾ ਅਨੁਭਵ ਹਾਸਿਲ ਕਰ ਚੁੱਕੇ ਅਤੇ ਬੇਸ਼ੁਮਾਰ ਪੰਜਾਬੀ ਫਿਲਮਾਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਨਿਰਦੇਸ਼ਕ ਜੱਸੀ ਮਾਨ, ਜਿੰਨ੍ਹਾਂ ਅਨੁਸਾਰ ਨਿਰਦੇਸ਼ਕ ਦੇ ਰੂਪ ਵਿੱਚ ਅਲਹਦਾ ਸਿਨੇਮਾ ਦੀ ਸਿਰਜਣਾ ਕਰਨਾ ਉਨਾਂ ਦੀ ਹਮੇਸ਼ਾ ਤਰਜੀਹ ਵਿੱਚ ਸ਼ਾਮਿਲ ਰਿਹਾ ਹੈ, ਜਿਸ ਸੰਬੰਧੀ ਹੀ ਉਨਾਂ ਵੱਲੋਂ ਲਗਾਤਾਰ ਅਪਣਾਈ ਜਾ ਰਹੀ ਸੋਚ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨਾਂ ਦੀ ਇਹ ਵੈੱਬ ਫਿਲਮ, ਜਿਸ ਦਾ ਵਿਸ਼ਾ ਔਰਤ ਅਤੇ ਅਜਿਹੀ ਸਮਾਜਿਕ ਕਹਾਣੀ ਦੁਆਲੇ ਬੁਣਿਆ ਗਿਆ ਹੈ, ਜੋ ਹਰ ਇੱਕ ਨੂੰ ਝੰਜੋੜ ਕੇ ਰੱਖ ਦੇਵੇਗੀ।
ਉਨਾਂ ਦੱਸਿਆ ਕਿ ਠੇਠ ਪੇਂਡੂ ਪਿਛੋਕੜ ਅਧਾਰਿਤ ਬੈਕ ਡਰਾਪ ਅਧੀਨ ਫਿਲਮਾਈ ਜਾ ਰਹੀ ਇਸ ਵੈੱਬ ਫਿਲਮ ਦੁਆਰਾ ਸਮਾਜਿਕ ਸਰੋਕਾਰਾਂ ਨੂੰ ਪਹਿਲ ਦੇਣ ਦੇ ਨਾਲ-ਨਾਲ ਪੰਜਾਬ ਦੇ ਗੁੰਮ ਹੋ ਰਹੇ ਅਸਲ ਰੀਤੀ ਰਿਵਾਜ਼ਾਂ, ਵਿਰਸੇ ਅਤੇ ਕਦਰਾਂ ਕੀਮਤਾਂ ਨੂੰ ਵੀ ਮੁੜ ਸਹੇਜਣ ਅਤੇ ਟੁੱਟ ਰਹੇ ਆਪਸੀ ਰਿਸ਼ਤਿਆਂ ਨੂੰ ਮੁੜ ਸੁਰਜੀਤ ਦੇਣ ਦੇ ਵੀ ਯਤਨ ਕੀਤੇ ਜਾ ਰਹੇ ਹਨ।