ਮੁੰਬਈ: ਸ਼ਤਰੂਘਨ ਸਿਨਹਾ ਦੀ ਬੇਟੀ-ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਐਤਵਾਰ 23 ਜੂਨ ਨੂੰ ਆਪਣੇ ਲੰਮੇਂ ਸਮੇਂ ਦੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰ ਲਿਆ। ਇਸ ਖਾਸ ਦਿਨ ਲਈ ਉਹ ਸੁਨਹਿਰੀ ਰੰਗ ਦੇ ਪਹਿਰਾਵੇ ਵਿੱਚ ਇੱਕ ਬਹੁਤ ਹੀ ਸੁੰਦਰ ਦੁਲਹਨ ਲੱਗ ਰਹੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਖੂਬਸੂਰਤ ਦੁਲਹਨ ਨੇ ਆਪਣੇ ਖਾਸ ਦਿਨ ਲਈ ਬਹੁਤ ਹੀ ਨਿੱਜੀ ਪਹਿਰਾਵੇ ਦੀ ਚੋਣ ਕੀਤੀ ਸੀ।
ਖਬਰਾਂ ਮੁਤਾਬਕ ਸੋਨਾਕਸ਼ੀ ਨੇ ਆਪਣੀ ਮਾਂ ਪੂਨਮ ਸਿਨਹਾ ਦੇ ਵਿਆਹ ਦੀ ਸਾੜ੍ਹੀ ਪਹਿਨਣੀ ਚੁਣੀ ਸੀ। ਉਸ ਦੀ ਮਾਂ ਨੇ ਇਹ ਸਾੜ੍ਹੀ ਆਪਣੇ ਵਿਆਹ ਵਿੱਚ ਪਹਿਨੀ ਸੀ। ਆਪਣੇ ਰਿਵਾਇਤੀ ਪਹਿਰਾਵੇ ਲਈ ਸੋਨਾਕਸ਼ੀ ਨੇ ਆਪਣੀ ਮਾਂ ਦੇ ਮੈਚਿੰਗ ਗਹਿਣੇ ਵੀ ਪਹਿਨੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਸਾੜੀ ਦੀ ਕੀਮਤ 80 ਹਜ਼ਾਰ ਹੈ।
ਉਲੇਖਯੋਗ ਹੈ ਕਿ ਸੋਨਾਕਸ਼ੀ ਨੇ ਰਜਿਸਟਰਡ ਵਿਆਹ ਲਈ ਸਾੜ੍ਹੀ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਜ਼ਹੀਰ ਨੇ ਆਪਣੀ ਦੁਲਹਨ ਨਾਲ ਮੇਲ ਖਾਂਦਾ ਚਿੱਟੇ ਰੰਗ ਦਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਬਾਅਦ ਵਿੱਚ ਵਿਆਹ ਦੀ ਰਿਸੈਪਸ਼ਨ ਵਿੱਚ ਸੋਨਾਕਸ਼ੀ ਨੇ ਲਾਲ ਬਨਾਰਸੀ ਸਿਲਕ ਸਾੜ੍ਹੀ ਪਹਿਨੀ ਸੀ।
ਨਵ-ਵਿਆਹੇ ਜੋੜੇ ਨੇ 23 ਜੂਨ ਨੂੰ ਦੇਰ ਰਾਤ ਇੰਸਟਾਗ੍ਰਾਮ 'ਤੇ ਆਪਣੇ ਵਿਆਹ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਸੱਤ ਸਾਲ ਪਹਿਲਾਂ (23.06.2017) ਅੱਜ ਦੇ ਹੀ ਦਿਨ ਅਸੀਂ ਇੱਕ-ਦੂਜੇ ਦੀਆਂ ਅੱਖਾਂ 'ਚ ਪਿਆਰ ਦੇਖਿਆ ਸੀ। ਇਸ ਤੋਂ ਬਾਅਦ ਅਸੀਂ ਦੋਵਾਂ ਨੇ ਇਸ ਨੂੰ ਸਦਾ ਲਈ ਫੜਨ ਦਾ ਫੈਸਲਾ ਕੀਤਾ। ਅੱਜ ਉਸ ਪਿਆਰ ਨੇ ਸਾਨੂੰ ਸਾਰੀਆਂ ਚੁਣੌਤੀਆਂ ਨੂੰ ਪਾਰ ਕਰਕੇ ਜਿੱਤ ਦੇ ਇਸ ਪਲ ਤੱਕ ਪਹੁੰਚਾਇਆ ਹੈ। ਜਿੱਥੇ ਸਾਡੇ ਦੋਨਾਂ ਪਰਿਵਾਰਾਂ ਅਤੇ ਸਾਡੇ ਦੋਹਾਂ ਭਗਵਾਨਾਂ ਦੇ ਅਸ਼ੀਰਵਾਦ ਨਾਲ, ਅਸੀਂ ਹੁਣ ਪਤੀ-ਪਤਨੀ ਹਾਂ।'