ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਦੀ ਵੀਡੀਓ (instagram) ਲੁਧਿਆਣਾ:ਗਾਇਕ ਕਰਨ ਔਜਲਾ ਪੰਜਾਬੀ ਸਿਨੇਮਾ ਦੇ ਸ਼ਾਨਦਾਰ ਗਾਇਕ ਹਨ, ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਸ਼ਾਨਦਾਰ ਗੀਤ ਦਿੱਤੇ ਹਨ। ਹੁਣ ਗਾਇਕ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਬਣ ਗਏ ਹਨ, ਇਸ ਵਾਰ ਕਾਰਨ ਗਾਇਕ ਦੇ ਗੀਤ ਨਹੀਂ ਸਗੋਂ ਗਾਇਕ ਦੀ ਦਰਿਆਦਿਲੀ ਵਾਲੀ ਭਾਵਨਾ ਹੈ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਖੰਨਾ ਨੇੜਲੇ ਪਿੰਡ ਘੁਰਾਲਾ ਦੇ ਜੰਮਪਲ ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨੇ ਅਜਿਹਾ ਕੰਮ ਕਰ ਦਿੱਤਾ ਹੈ, ਜਿਸ ਨੂੰ ਪੜ੍ਹ ਸੁਣ ਕੇ ਹਰ ਕੋਈ ਗਾਇਕ ਦੀ ਤਾਰੀਫ਼ ਕਰ ਰਿਹਾ ਹੈ। ਦਰਅਸਲ, ਵਿਦੇਸ਼ 'ਚ ਬੈਠੇ ਗਾਇਕ ਕਰਨ ਔਜਲਾ ਨੇ ਆਪਣੇ ਸ਼ਹਿਰ ਦੇ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ ਕਰੀਬ 9 ਲੱਖ ਰੁਪਏ ਦਾ ਬੈਂਕ ਕਰਜ਼ਾ ਉਤਾਰ ਦਿੱਤਾ ਹੈ। ਜਿਸ ਤੋਂ ਬਾਅਦ ਖਿਡਾਰੀ ਤਰੁਣ ਸ਼ਰਮਾ ਅਤੇ ਉਸਦੇ ਪਰਿਵਾਰ ਨੂੰ ਆਪਣੇ ਘਰ ਦੀ ਮਲਕੀਅਤ ਦੁਬਾਰਾ ਮਿਲ ਗਈ ਹੈ। ਇਸ ਤੋਂ ਪਹਿਲਾਂ ਖਿਡਾਰੀ ਤਰੁਣ ਆਪਣਾ ਘਰ ਗਿਰਵੀ ਰੱਖ ਕੇ ਦੇਸ਼ ਲਈ ਖੇਡ ਰਿਹਾ ਸੀ।
ਉਲੇਖਯੋਗ ਹੈ ਕਿ ਕਈ ਸਾਲ ਪਹਿਲਾਂ ਤਰੁਣ ਸ਼ਰਮਾ ਨੇ ਵਿਦੇਸ਼ੀ ਧਰਤੀ 'ਤੇ ਖੇਡਣ ਲਈ ਆਪਣਾ ਘਰ ਕਰੀਬ 12 ਲੱਖ ਰੁਪਏ 'ਚ ਗਿਰਵੀ ਰੱਖਿਆ ਸੀ ਅਤੇ ਬੈਂਕ ਤੋਂ ਕਰਜ਼ਾ ਲਿਆ ਸੀ। ਇਸ ਤੋਂ ਬਾਅਦ ਤਰੁਣ ਸ਼ਰਮਾ ਨੇ ਕਈ ਦੇਸ਼ਾਂ ਵਿੱਚ ਭਾਰਤ ਦਾ ਨਾਂਅ ਰੌਸ਼ਨ ਕੀਤਾ।
ਹੁਣ ਸੋਸ਼ਲ ਮੀਡੀਆ ਰਾਹੀਂ ਸੁਰਖੀਆਂ ਵਿੱਚ ਆਏ ਤਰੁਣ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਕੁਝ ਐਨਆਰਆਈਜ਼ ਨੇ ਉਸਦੀ ਮਦਦ ਕੀਤੀ ਸੀ, ਜਿਸ ਕਾਰਨ ਕਰੀਬ 3 ਲੱਖ ਰੁਪਏ ਦਾ ਕਰਜ਼ਾ ਉੱਤਰ ਗਿਆ ਸੀ। ਕੁਝ ਸਮਾਂ ਪਹਿਲਾਂ ਕਰਨ ਔਜਲਾ ਦੀ ਨਜ਼ਰ ਇਸ ਖਿਡਾਰੀ ਉਪਰ ਪਈ। ਕਰਨ ਔਜਲਾ ਨੇ ਹੁਣ ਕਰੀਬ 9 ਲੱਖ ਰੁਪਏ ਦਾ ਕਰਜ਼ਾ ਮੋੜ ਦਿੱਤਾ ਹੈ।
ਹੁਣ ਕਰਨ ਔਜਲਾ ਦੇ ਕਰਜ਼ਾ ਵਾਪਸ ਕਰਨ ਤੋਂ ਬਾਅਦ ਤਰੁਣ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਖਿਡਾਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਰਨ ਔਜਲਾ ਨੇ ਕਰੀਬ 9 ਲੱਖ ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾ ਕੇ ਉਨ੍ਹਾਂ ਦਾ ਕਰਜ਼ਾ ਉਤਾਰ ਦਿੱਤਾ ਹੈ। ਹੁਣ ਉਸਦਾ ਘਰ ਕਰਜ਼ਾ ਮੁਕਤ ਹੈ। ਇਸਦੇ ਲਈ ਤਰੁਣ ਨੇ ਕਰਨ ਔਜਲਾ ਦਾ ਧੰਨਵਾਦ ਕੀਤਾ ਅਤੇ ਉਸ ਤੋਂ ਇਲਾਵਾ ਵੀ ਮਦਦ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਦਾ ਵੀ ਧੰਨਵਾਦ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਪੱਧਰ 'ਤੇ ਤਿਰੰਗਾ ਲਹਿਰਾ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਤਰੁਣ ਨੂੰ ਕਈ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਵਿੱਚ ਪੈਰਾ ਵਰਲਡ ਕਰਾਟੇ ਚੈਂਪੀਅਨਸ਼ਿਪ ਜਿੱਤ ਕੇ ਸ਼ਹਿਰ ਪਰਤਣ ਵਾਲੇ ਇਸ ਖਿਡਾਰੀ ਦਾ ਸਵਾਗਤ ਵੀ ਨਹੀਂ ਕੀਤਾ ਗਿਆ ਸੀ।
ਪਿਛਲੇ ਸਾਲ ਵੀ ਤਰੁਣ ਸ਼ਰਮਾ 21 ਤੋਂ 23 ਜੁਲਾਈ ਤੱਕ ਹੋਈ ਦੂਜੀ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਤਰਫੋਂ ਹਿੱਸਾ ਲੈਣ ਲਈ ਮਲੇਸ਼ੀਆ ਗਿਆ ਸੀ। ਤਰੁਣ ਨੇ 43 ਦੇਸ਼ਾਂ ਦੇ ਖਿਡਾਰੀਆਂ ਵਿੱਚੋਂ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪਰ ਦੋਵੇਂ ਵਾਰ ਉਹ ਦਿੱਲੀ ਤੋਂ ਬੱਸ ਰਾਹੀਂ ਖੰਨਾ ਆਇਆ। ਕਿਸੇ ਨੇ ਉਸਦਾ ਸੁਆਗਤ ਨਹੀਂ ਕੀਤਾ।
ਤਰੁਣ ਸ਼ਰਮਾ ਬਾਰੇ ਜਾਣੋ:ਤਰੁਣ ਸ਼ਰਮਾ ਪੈਰਾ ਕਰਾਟੇ ਖਿਡਾਰੀ ਹੈ। ਪਹਿਲਾਂ ਖਿਡਾਰੀ ਆਪਣੇ ਪਿਤਾ ਨਾਲ ਸਬਜ਼ੀ ਦੀ ਦੁਕਾਨ ਚਲਾ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਹੁਣ ਉਹ ਖੁਦ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਉਸਨੇ ਕਈ ਵਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਹੈ।