ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਗਾਇਕਾ ਦੀਪਕ ਢਿੱਲੋਂ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਜੇ ਜੱਟ ਵਿਗੜ ਗਿਆ' 'ਚ ਗਾਏ ਪ੍ਰਮੋਸ਼ਨਲ ਗੀਤ 'ਵੈਲੀ ਸੁਧਰਨਗੇ' ਦੁਆਰਾ ਸਿਨੇਮਾ ਖਿੱਤੇ ਵਿੱਚ ਆਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣ ਜਾ ਰਹੀ ਹੈ, ਜਿਨ੍ਹਾਂ ਦਾ ਗਾਇਆ ਇਹ ਵਿਸ਼ੇਸ਼ ਫਿਲਮੀ ਗਾਣਾ ਜਲਦੀ ਹੀ ਜਾਰੀ ਹੋਣ ਜਾ ਰਿਹਾ ਹੈ, ਜੋ ਉਕਤ ਫਿਲਮ ਦਾ ਖਾਸ ਆਕਰਸ਼ਨ ਵੀ ਹੋਵੇਗਾ।
'ਹੈਲੋ ਟਿਊਨ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਨੂੰ ਆਵਾਜ਼ ਦੀਪਕ ਢਿੱਲੋਂ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਐਵੀ ਸਰਾਂ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਪ੍ਰੀਤਾ ਵੱਲੋਂ ਰਚੇ ਗਏ ਇਸ ਗਾਣੇ ਦਾ ਫਿਲਮਾਂਕਣ ਬਹੁਤ ਹੀ ਵੱਡੇ ਪੱਧਰ ਅਤੇ ਬਿੱਗ ਸੈਟਅੱਪ ਅਧੀਨ ਕੀਤਾ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਟਰਿਊਮੇਕਰਜ ਵੱਲੋਂ ਕੀਤੀ ਗਈ ਹੈ।
ਉਨਾਂ ਦੱਸਿਆ ਪ੍ਰਮੋਸ਼ਨਲ ਗੀਤ ਦੇ ਤੌਰ 'ਤੇ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਨੂੰ ਉਚੇਚੇ ਤੌਰ 'ਤੇ ਲਗਾਏ ਗਏ ਬੇਹੱਦ ਆਲੀਸ਼ਾਨ ਅਤੇ ਵਿਸ਼ਾਲ ਸੈੱਟਸ ਉਪਰ ਫਿਲਮਬੱਧ ਕੀਤਾ ਗਿਆ ਹੈ, ਜੋ ਦੀਪਕ ਢਿੱਲੋਂ ਅਤੇ ਜੈ ਰੰਧਾਵਾ ਉਪਰ ਹੀ ਪਿਕਚਰਾਈਜ਼ ਕੀਤਾ ਗਿਆ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ ਡੁਪਰ ਹਿੱਟ ਰਹੀ ਸਰਗੁਣ ਮਹਿਤਾ ਹੋਮ ਪ੍ਰੋਡੋਕਸ਼ਨ ਦੀ 'ਜੱਟ ਨੂੰ ਚੁੜੈਲ ਟੱਕਰੀ' ਵਿੱਚ ਗਾਏ 'ਹਾਏ ਬੂ' ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੀ ਹੈ ਗਾਇਕਾ ਦੀਪਕ ਢਿੱਲੋ, ਜਿੰਨ੍ਹਾਂ ਦੀ ਫਿਲਮੀ ਖੇਤਰ ਵਿੱਚ ਮੰਗ ਅਤੇ ਪ੍ਰਸਿੱਧੀ ਦਾ ਗ੍ਰਾਫ ਇੰਨੀਂ ਦਿਨੀਂ ਕਾਫ਼ੀ ਵੱਧਦਾ ਜਾ ਰਿਹਾ ਹੈ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਕਰਾਉਣ ਜਾ ਰਿਹਾ ਉਨ੍ਹਾਂ ਦਾ ਗਾਇਆ ਅਤੇ ਉਕਤ ਫਿਲਮ ਵਿੱਚ ਸ਼ਾਮਿਲ ਕੀਤਾ ਗਿਆ ਇਹ ਵਿਸ਼ੇਸ਼ ਗੀਤ, ਜਿਸ ਵਿੱਚ ਉਨ੍ਹਾਂ ਦੀ ਫੀਚਰਿੰਗ ਮੌਜੂਦਗੀ ਇਸ ਬਹੁ-ਚਰਚਿਤ ਫਿਲਮ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਮੂਲ ਰੂਪ ਵਿੱਚ ਮਾਲਵਾ ਦੇ ਮਸ਼ਹੂਰ ਕਸਬੇ ਗਿੱਦੜਬਾਹਾ ਨਾਲ ਸੰਬੰਧਤ ਇਸ ਹੋਣਹਾਰ ਗਾਇਕਾ ਨੇ ਕਰੀਬ ਡੇਢ ਦਹਾਕਿਆਂ ਦੇ ਆਪਣੇ ਗਾਇਕੀ ਸਫਰ ਦੇ ਬਾਅਦ ਵੀ ਆਪਣੀ ਧਾਂਕ ਸੰਗੀਤਕ ਖੇਤਰ ਵਿੱਚ ਬਰਕਰਾਰ ਰੱਖੀ ਹੋਈ ਹੈ, ਜਿੰਨ੍ਹਾਂ ਨੇ ਦੇਸ਼ ਹੀ ਨੀ ਸਗੋਂ ਦੁਨੀਆ ਭਰ ਵਿੱਚ ਅਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਅੱਜ ਵੀ ਪੰਜਾਬ ਦੀਆਂ ਉੱਚਕੋਟੀ ਗਾਇਕਾਵਾਂ ਵਿੱਚ ਉਨਾਂ ਦੇ ਨਾਂਅ ਦੀ ਬੋਲ ਰਹੀ ਤੂਤੀ ਤੋਂ ਉਨਾਂ ਦੇ ਹਰਮਨ-ਪਿਆਰਤਾ ਦਾ ਅੰਦਾਜ਼ਾਂ ਬਾਖੂਬੀ ਲਗਾਇਆ ਜਾ ਸਕਦਾ ਹੈ।