ਲੁਧਿਆਣਾ: 650 ਕਰੋੜ ਰੁਪਏ ਲੱਗਣ ਦੇ ਬਾਵਜੂਦ ਲੁਧਿਆਣਾ ਦੇ ਬੁੱਢੇ ਦਰਿਆ ਦੇ ਹਲਾਤ ਨਹੀਂ ਬਦਲੇ ਅਤੇ ਜਿਉਂ ਦੇ ਤਿਉਂ ਹਨ। ਹੁਣ ਰਾਜ ਸਭਾ ਮੈਂਬਰ ਬਲਬੀਰ ਸੀਚੇਵਾਲ ਖੁਦ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਸਾਫ ਕਰਨ ਦੇ ਲਈ ਆਪਣੀ ਟੀਮ ਦੇ ਨਾਲ ਲੱਗੇ ਹੋਏ ਹਨ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਵੀ ਉਹਨਾਂ ਦੇ ਇਸ ਕੰਮ ਦੇ ਵਿੱਚ ਸਹਿਯੋਗ ਦੇ ਰਹੇ ਨੇ ਅੱਜ ਮੁੜ ਤੋਂ ਦੋਵਾਂ ਹੀ ਆਗੂਆਂ ਵੱਲੋਂ ਬੁੱਢੇ ਦਰਿਆ ਦੇ ਕੰਢੇ ਉੱਤੇ ਡੇਅਰੀ ਕੰਪਲੈਕਸ ਦਾ ਦੌਰਾ ਕੀਤਾ ਗਿਆ ਅਤੇ ਨਾਲ ਹੀ ਡੇਅਰੀ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਬੇਲੋੜੇ ਪਦਾਰਥ ਨੂੰ ਬੁੱਢੇ ਨਾਲੇ ਦੇ ਵਿੱਚ ਸਿੱਧੇ ਤੌਰ ਉੱਤੇ ਨਾ ਪਾਉਣ।
ਕੈਬਨਿਟ ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਅਸੀਂ ਲਗਾਤਾਰ ਬੁੱਢੇ ਦਰਿਆ ਦੀ ਸਫਾਈ ਲਈ ਯਤਨਸ਼ੀਲ ਹਾਂ, ਇਸ ਨੂੰ ਲੈ ਕੇ ਕੋਈ ਸਮਾਂ ਨਿਰਧਾਰਿਤ ਤਾਂ ਉਹ ਨਹੀਂ ਕਰ ਸਕਦੇ ਕੀ ਇਹ ਕਦੋਂ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ ਪਰ ਉਹਨਾਂ ਕਿਹਾ ਕਿ ਇਹ ਇੱਕ ਬਹੁਤ ਵੱਡੀ ਅਤੇ ਪੁਰਾਣੀ ਸਮੱਸਿਆ ਹੈ। ਜਿਸ ਦੇ ਹੱਲ ਲਈ ਸਮਾ ਲੱਗ ਰਿਹਾ ਹੈ, ਉਹਨਾਂ ਕਿਹਾ ਕਿ ਅਸੀਂ ਖੁਦ ਸਮੱਸਿਆਵਾਂ ਨੂੰ ਜਾਣਨ ਲਈ ਦੌਰਾ ਕਰ ਰਹੇ ਹਾਂ, ਤਿੰਨ ਤਰ੍ਹਾਂ ਦਾ ਪ੍ਰਦੂਸ਼ਣ ਇਸ ਵਿੱਚ ਪੈ ਰਿਹਾ ਹੈ। ਜਿਸ ਵਿੱਚ ਕਾਰਪੋਰੇਸ਼ਨ, ਡਾਇਰੀਆਂ ਅਤੇ ਇੰਡਸਟਰੀਅਲ ਪ੍ਰਦੂਸ਼ਣ ਸ਼ਾਮਿਲ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਅਸੀਂ ਪੜਾ ਦਰ ਪੜਾ ਇਹਨਾਂ ਦਾ ਹੱਲ ਕਰ ਰਹੇ ਹਾਂ, ਮੰਤਰੀ ਰਵਜੋਤ ਸਿੰਘ ਨੇ ਕਿਹਾ ਕਿ ਬੁੱਢੇ ਨਾਲੇ ਨੂੰ ਸਾਫ ਕਰਨਾ ਸਰਕਾਰ ਦਾ ਟਾਰਗੇਟ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਹਨ, ਅਜਿਹੇ ਦੇ ਵਿੱਚ ਇਹ ਜ਼ਰੂਰੀ ਹੈ ਕਿ ਇਸ ਦੀ ਮੁਕੰਮਲ ਸਫਾਈ ਕਰਵਾਈ ਜਾਵੇ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਡਾਇਰੀਆਂ ਦਾ ਵੇਸਟ ਬੁੱਢੇ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਸੀ। ਜਿਸ ਉੱਤੇ ਅਸੀਂ ਠੱਲ ਪਾਈ ਹੈ, ਉਹਨਾਂ ਕਿਹਾ ਕਿ ਬੁੱਢੇ ਨਾਲੇ ਨੂੰ ਸਾਫ ਕਰਨ ਲਈ ਸਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ। ਜਦੋਂ ਤੱਕ ਅਸੀਂ ਸਾਰੇ ਆਪਣੀ ਨੈਤਿਕ ਜ਼ਿੰਮੇਵਾਰੀ ਨਹੀਂ ਸਮਝਾਂਗੇ ਉਦੋਂ ਤੱਕ ਬੁੱਢੇ ਦਰਿਆ ਦਾ ਹੱਲ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਇਹ ਸਮੱਸਿਆ ਪੁਰਾਣੀ ਹੈ, ਇਸ ਦਾ ਹੱਲ ਜ਼ਰੂਰੀ ਹੈ ਜਿਸ ਲਈ ਸਰਕਾਰ ਖੁਦ ਯਤਨਸ਼ੀਲ ਹੈ। ਕੈਬਨਿਟ ਮੰਤਰੀ ਪੰਜਵੀਂ ਵਾਰ ਆਏ ਹਨ ਇਹਨਾਂ ਨੇ ਕਿਹਾ ਕਿ ਉਹ ਖੁਦ ਜਾ ਕੇ ਵੇਖਣਾ ਚਾਹੁੰਦੇ ਹਨ। ਕੀ ਸਮੱਸਿਆ ਕਿੱਥੇ ਹੈ, ਉਹਨਾਂ ਨੂੰ ਟ੍ਰੀਟਮੈਂਟ ਪਲਾਂਟ ਦਾ ਵੀ ਦੌਰਾ ਕਰਵਾਇਆ ਹੈ ਅਤੇ ਕਿੱਥੇ ਕਿੱਥੇ ਸਮੱਸਿਆ ਆ ਰਹੀ ਹੈ, ਸਭ ਬਾਰੇ ਜਾਣਕਾਰੀ ਦਿੱਤੀ ਹੈ।