ਚੰਡੀਗੜ੍ਹ: ਪੰਜਾਬੀ ਸੰਗੀਤ ਹੋਵੇ ਜਾਂ ਫਿਰ ਸਿਨੇਮਾ ਖੇਤਰ, ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਦੇ ਸਿਤਾਰੇ ਅੱਜਕੱਲ੍ਹ ਪੂਰੀਆਂ ਬੁਲੰਦੀਆਂ 'ਤੇ ਹਨ, ਜਿੰਨ੍ਹਾਂ ਦੀ ਦਿਨੋਂ-ਦਿਨ ਹੋਰ ਵੱਧ ਰਹੀ ਲੋਕਪ੍ਰਿਯਤਾ ਦੇ ਇਸ ਗ੍ਰਾਫ ਦਾ ਇਜ਼ਹਾਰ ਸਿਡਨੀ ਵਿਖੇ ਸਫਲਤਾ-ਪੂਰਵਕ ਸੰਪੰਨ ਹੋਏ ਉਨ੍ਹਾਂ ਦੇ ਗ੍ਰੈਂਡ ਸ਼ੋਅ ਨੇ ਵੀ ਭਲੀਭਾਂਤ ਕਰਵਾ ਦਿੱਤਾ ਹੈ, ਜਿਸ ਦੌਰਾਨ ਉਨ੍ਹਾਂ ਦੀ ਨਯਾਬ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਪੂਰੀ ਤਰ੍ਹਾਂ ਸਿਰ ਚੜ੍ਹ ਬੋਲਿਆ।
ਆਸਟ੍ਰੇਲੀਆਂ ਦੌਰੇ 'ਤੇ ਪੁੱਜੇ ਹੋਏ ਸਤਿੰਦਰ ਸਰਤਾਜ ਦਾ ਇਹ ਦੂਸਰਾ ਵੱਡਾ ਕੰਸਰਟ ਰਿਹਾ, ਜਿਸ ਦਾ ਆਯੋਜਨ ਸਿਡਨੀ ਦੇ ਮਸ਼ਹੂਰ ਓਪੇਰਾ ਹਾਊਸ ਵਿਖੇ ਕੀਤਾ ਗਿਆ, ਜਿਸ ਦੌਰਾਨ ਡਾ. ਸਤਿੰਦਰ ਸਰਤਾਜ ਦੇ ਰੂਹਾਨੀ ਅਤੇ ਸੂਫੀ ਧੁਨਾਂ ਨਾਲ ਸਜੇ ਗਾਇਕੀ ਅੰਦਾਜ਼ ਨੇ ਐਸਾ ਸਮਾਂ ਬੰਨਿਆ ਕਿ ਦਰਸ਼ਕ ਖੁਸ਼ੀ ਨਾਲ ਝੂਮ ਉਠੇ।
ਪੰਜਾਬੀ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਅਤੇ ਵਿਸ਼ਵ ਭਰ ਦੇ ਦਰਸ਼ਕਾਂ ਨਾਲ ਗੂੰਜਣ ਵਾਲੇ ਇਸ ਮਨਮੋਹਕ ਪ੍ਰਦਰਸ਼ਨ ਵਿੱਚ ਡਾ. ਸਰਤਾਜ ਨੇ ਆਪਣੀ ਮਿਆਰੀ ਗਾਇਨ ਪਰੰਪਰਾ ਅਤੇ ਸਮਕਾਲੀ ਪ੍ਰਭਾਵਾਂ ਦੇ ਸੁਮੇਲ ਨਾਲ ਹਾਜ਼ਰੀਨ ਨੂੰ ਮੋਹ ਲਿਆ। ਕੈਨੇਡਾ ਤੋਂ ਬਾਅਦ ਅਸਟ੍ਰੇਲੀਆਂ ਦੀ ਧਰਤੀ 'ਤੇ ਆਯੋਜਿਤ ਹੋ ਰਹੇ ਇੰਨ੍ਹਾਂ ਸ਼ੋਅਜ ਨੂੰ ਮਿਲ ਰਹੇ ਬੰਪਰ ਰਿਸਪਾਂਸ ਤੋਂ ਸ਼ੋਅ ਪ੍ਰਬੰਧਕ ਵੀ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਕਮਰਸ਼ਿਅਲ ਹਿੱਤਾ ਤੋਂ ਦੂਰ ਹੱਟ ਕੇ ਕਰਵਾਏ ਜਾ ਰਹੇ ਇੰਨ੍ਹਾਂ ਸ਼ੋਅਜ ਦਾ ਉਦੇਸ਼ ਇਸ ਵਿਦੇਸ਼ੀ ਖਿੱਤੇ ਵੱਸਦੀ ਨੌਜਵਾਨ ਪੀੜੀ ਨੂੰ ਉਨ੍ਹਾਂ ਦੀਆਂ ਅਸਲ ਜੜਾਂ ਨਾਲ ਜੋੜਨਾ ਮੁੱਖ ਹੈ, ਜਿਸ ਸੰਬੰਧਤ ਉਨ੍ਹਾਂ ਦੀਆਂ ਸੋਚ ਆਸ਼ਾਵਾਂ ਅਤੇ ਉਮੀਦਾਂ ਨੂੰ ਬੂਰ ਪਾਉਣ ਡਾ. ਸਤਿੰਦਰ ਸਰਤਾਜ ਦੀ ਬਿਹਤਰੀਨ ਗਾਇਕੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਓਧਰ ਮਿਲ ਰਹੇ ਇਸ ਭਰਵੇਂ ਹੁੰਗਾਰੇ ਤੋਂ ਡਾ. ਸਤਿੰਦਰ ਸਰਤਾਜ ਦੀ ਮੈਨੇਜਮੈਂਟ ਅਤੇ ਮਿਊਜ਼ੀਕਲ ਸ਼ੋਅ ਪ੍ਰਬੰਧਨ ਟੀਮ ਵੀ ਕਾਫ਼ੀ ਉਤਸ਼ਾਹਿਤ ਵਿਖਾਈ ਦੇ ਰਹੀ ਹੈ, ਜਿਸ ਸੰਬੰਧੀ ਹੀ ਵਲਵਲੇ ਸਾਂਝੇ ਕਰਦਿਆਂ ਸੀਨੀਅਰ ਟੀਮ ਮੈਂਬਰ ਹਰਮਨਦੀਪ ਸਿੰਘ ਨੇ ਆਸਟ੍ਰੇਲੀਆਂ ਤੋਂ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਸਿਡਨੀ ਦੇ ਉਕਤ ਸ਼ੋਅਜ਼ ਵਿੱਚ ਹਰ ਵਰਗ ਦਰਸ਼ਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਬੇਹੱਦ ਰੂਹਾਨੀਅਤ ਭਰਪੂਰ ਆਲਮ ਵਿੱਚ ਇਸ ਗਾਇਕੀ ਕੰਸਰਟ ਦਾ ਆਨੰਦ ਮਾਣਿਆ ਅਤੇ ਲਗਭਗ ਇਹੀ ਸਥਿਤੀ ਪਰਥ ਸ਼ੋਅ ਵਿਖੇ ਵੀ ਨਜ਼ਰ ਆਈ।
ਉਨ੍ਹਾਂ ਅੱਗੇ ਦੱਸਿਆ ਕਿ ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਫਿਲਮ 'ਸ਼ਾਯਰ' ਨੂੰ ਲੈ ਕੇ ਵਿੱਚ ਚਾਰੇ-ਪਾਸੇ ਭਰਵੀਂ ਸਲਾਹੁਤਾ ਹਾਸਿਲ ਕਰ ਰਹੇ ਡਾ. ਸਤਿੰਦਰ ਸਰਤਾਜ ਅਗਲੇ ਦਿਨੀਂ ਕੁਝ ਹੋਰ ਉਮਦਾ ਫਿਲਮ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨਗੀਆਂ।