ਮੁੰਬਈ: 'ਗੋਲਮਾਲ' ਅਦਾਕਾਰ ਸ਼੍ਰੇਅਸ ਤਲਪੜੇ ਨੂੰ ਪਿਛਲੇ ਸਾਲ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਖੁਲ੍ਹ ਕੇ ਗੱਲ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣਾ ਕੋਵਿਡ-19 ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਕਾਰਨ ਹੋ ਸਕਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੇ ਹਨ, ਫਿਰ ਵੀ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕੀ ਉਨ੍ਹਾਂ ਨੂੰ ਦਿਲ ਦਾ ਦੌਰਾ ਕੋਰੋਨਾ ਕਾਰਨ ਪਿਆ ਜਾਂ ਵੈਕਸੀਨ ਦੇ ਪ੍ਰਭਾਵ ਕਾਰਨ, ਜੋ ਮਹਾਂਮਾਰੀ ਦੌਰਾਨ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਦਿੱਤੀ ਗਈ ਸੀ।
ਇਕ ਇੰਟਰਵਿਊ 'ਚ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਸ਼੍ਰੇਅਸ ਨੇ ਕਿਹਾ ਕਿ, "ਜਿੱਥੇ 30 ਤੋਂ 40 ਸਾਲ ਦੀ ਉਮਰ ਦੇ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਦੀ ਸ਼ਿਕਾਇਤ ਹੈ, ਉਥੇ ਹੀ ਕਈ ਲੋਕਾਂ ਦੀ ਅਚਾਨਕ ਮੌਤ ਵੀ ਹੋ ਚੁੱਕੀ ਹੈ। ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਰੋਜ਼ਾਨਾ ਸ਼ਰਾਬ ਨਹੀਂ ਪੀਂਦਾ। ਮੈਨੂੰ ਮਹੀਨੇ 'ਚ ਇੱਕ ਵਾਰ ਪੀਣ ਦੀ ਆਦਤ ਹੈ ਅਤੇ ਨਾਂ ਹੀ ਮੈਂ ਤੰਬਾਕੂ ਖਾਂਦਾ ਹਾਂ। ਹਾਂ ਮੇਰੇ ਕੋਲੇਸਟ੍ਰੋਲ 'ਚ ਥੋੜ੍ਹਾ ਜਿਹਾ ਵਾਧਾ ਹੋਇਆ ਸੀ। ਮੈਂ ਉਸ ਲਈ ਦਵਾਈ ਲੈ ਰਿਹਾ ਸੀ ਅਤੇ ਕੋਲੇਸਟ੍ਰੋਲ ਦੀ ਸਮੱਸਿਆ ਘੱਟ ਵੀ ਹੋ ਗਈ ਸੀ।"
ਟੀਕੇ ਤੋਂ ਬਾਅਦ ਸ਼੍ਰੇਅਸ ਕੰਮਜ਼ੋਰ: ਕੋਵਿਡ-19 ਵੈਕਸੀਨ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, 'ਮੈਂ ਇਸ ਥਿਊਰੀ ਤੋਂ ਇਨਕਾਰ ਨਹੀਂ ਕਰਾਂਗਾ। ਕੋਵਿਡ-19 ਟੀਕਾਕਰਨ ਤੋਂ ਬਾਅਦ ਹੀ ਮੈਨੂੰ ਥਕਾਵਟ ਅਤੇ ਕੰਮਜ਼ੋਰੀ ਹੋਣ ਲੱਗੀ ਸੀ। ਇਸ ਵਿੱਚ ਕੁਝ ਸੱਚਾਈ ਹੋਵੇਗੀ ਅਤੇ ਅਸੀਂ ਇਸ ਥਿਊਰੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਹੋ ਸਕਦਾ ਹੈ ਇਹ ਕੋਵਿਡ ਹੋ ਜਾਂ ਵੈਕਸੀਨ। ਇਹ ਬਹੁਤ ਮੰਦਭਾਗਾ ਹੈ ਕਿਉਂਕਿ ਅਸੀਂ ਅਸਲ ਵਿੱਚ ਨਹੀਂ ਜਾਣਦੇ ਕਿ ਅਸੀਂ ਆਪਣੇ ਸਰੀਰ 'ਚ ਕੀ ਪਾਇਆ ਹੈ। ਅਸੀਂ ਕੰਪਨੀਆਂ 'ਤੇ ਭਰੋਸਾ ਕੀਤਾ। ਮੈਂ ਕੋਵਿਡ -19 ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਬਾਰੇ ਕਦੇ ਨਹੀਂ ਸੁਣਿਆ ਸੀ।"
ਦੱਸ ਦਈਏ ਕਿ ਸ਼੍ਰੇਅਸ ਨੇ ਪਿਛਲੇ ਸਾਲ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜੀ ਸੀ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਪਰ ਉਨ੍ਹਾਂ ਦੀ ਜਾਨ ਬਚ ਗਈ ਸੀ। ਹਾਲ ਹੀ 'ਚ ਗੱਲ ਕਰਦਿਆਂ ਉਨ੍ਹਾਂ ਨੇ ਇਸ ਅਨੁਭਵ ਨੂੰ ਜ਼ਿੰਦਗੀ ਦਾ ਦੂਜਾ ਮੌਕਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਵੀ ਆਪਣੀ ਇਸ ਬਿਮਾਰੀ 'ਤੇ ਭਰੋਸਾ ਨਹੀਂ ਹੋਇਆ ਸੀ, ਕਿਉਕਿ ਉਹ ਪਹਿਲਾ ਕਦੇ ਵੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਿਤ ਨਹੀਂ ਹੋਏ ਸਨ।
ਉਨ੍ਹਾਂ ਨੇ ਦਿਲ ਦਾ ਦੌਰਾ ਪੈਣ ਵਾਲੇ ਦਿਨ 'ਤੇ ਚਰਚਾ ਕਰਦੇ ਹੋਏ ਦੱਸਿਆ ਕਿ ਉਹ ਫਿਲਮ ‘ਵੈਲਕਮ ਟੂ ਦਾ ਜੰਗਲ’ ਦੀ ਸ਼ੂਟਿੰਗ ਕਰ ਰਹੇ ਸਨ। ਉਹ ਇਕ ਅਜਿਹੇ ਸੀਨ 'ਤੇ ਕੰਮ ਕਰ ਰਹੇ ਸੀ, ਜਿਸ 'ਚ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਣ 'ਤੇ ਪਾਣੀ 'ਚ ਛਾਲ ਮਾਰਨੀ ਸੀ। ਅਦਾਕਾਰ ਨੇ ਕਿਹਾ, 'ਅਚਾਨਕ ਮੈਨੂੰ ਸਾਹ ਲੈਣ 'ਚ ਤਕਲੀਫ ਹੋਣ ਲੱਗੀ ਅਤੇ ਮੇਰੇ ਖੱਬੇ ਹੱਥ 'ਚ ਦਰਦ ਹੋਣ ਲੱਗਾ। ਮੈਂ ਮੁਸ਼ਕਿਲ ਨਾਲ ਆਪਣੀ ਵੈਨਿਟੀ ਵੈਨ ਤੱਕ ਪਹੁੰਚਿਆ ਅਤੇ ਆਪਣੇ ਕੱਪੜੇ ਬਦਲੇ। ਮੇਰਾ ਸਟਾਫ ਮੇਰੇ ਕੋਲ੍ਹ ਇਹ ਪੁੱਛਣ ਲਈ ਪਹੁੰਚਿਆ ਕਿ ਮੈਨੂੰ ਕੀ ਹੋਇਆ ਹੈ। ਮੈਂ ਇਹ ਦੱਸਣ ਦੇ ਯੋਗ ਨਹੀਂ ਸੀ ਕਿ ਮੈਨੂੰ ਕੀ ਹੋਇਆ ਹੈ। ਮੈਂ ਘਰ ਜਾ ਕੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕੀਤਾ। ਦੀਪਤੀ ਨੇ ਕਿਹਾ ਚਲੋ ਹਸਪਤਾਲ ਚੱਲੀਏ ਅਤੇ ਫਿਰ ਅਸੀ ਹਸਪਤਾਲ ਚੱਲੇ ਗਏ। ਦੱਸ ਦਈਏ ਕਿ ਸ਼੍ਰੇਅਸ ਨੂੰ ਆਪਣੀ ਆਉਣ ਵਾਲੀ ਫਿਲਮ ਵੈਲਕਮ ਟੂ ਦ ਜੰਗਲ ਦੀ ਸ਼ੂਟਿੰਗ ਦੌਰਾਨ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬੇਲੇਵਿਊ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।