ਚੰਡੀਗੜ੍ਹ: ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਪ੍ਰਵਾਸੀ ਗੀਤਕਾਰ ਸ਼ੰਮੀ ਜਲੰਧਰੀ, ਜੋ ਅਪਣਾ ਨਵਾਂ ਸਦਾ ਬਹਾਰ ਟਰੈਕ 'ਸੂਫੀਆ' ਲੈ ਕੇ ਸਾਹਮਣੇ ਆ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਜੈਡਐਨਬੀ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਮਨਮੋਹਕ ਟਰੈਕ ਨੂੰ ਆਵਾਜ਼ਾਂ ਬਹੁਮੁਖੀ ਗਾਇਕਾ ਹਰਗੁਣ ਕੌਰ (ਫਾਈਨਲਿਸਟ ਇੰਡੀਆ ਗੋਟ ਟੈਂਲੇਟ) ਅਤੇ ਸੁਰੀਲੇ ਫਨਕਾਰ ਜ਼ੋਹੇਬ ਨਈਮ ਬਾਬਰ ਵੱਲੋਂ ਦਿੱਤੀਆਂ ਗਈਆਂ ਹਨ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਅਪਣੀ ਨਾਯਾਬ ਗੀਤਕਾਰੀ ਕਲਾ ਦਾ ਲੋਹਾ ਮੰਨਵਾ ਰਹੇ ਸ਼ੰਮੀ ਜਲੰਧਰੀ ਅਨੁਸਾਰ ਦਿਲ ਟੁੰਬਵੀਂ ਸ਼ਾਇਰੀ ਅਤੇ ਬੋਲਾਂ ਨਾਲ ਸਜੇ ਉਕਤ ਗੀਤ ਦਾ ਸੰਗੀਤ ਰਾਹੀਲ ਫੈਯਾਜ਼ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਸੰਗੀਤਕ ਖੇਤਰ ਦੀਆਂ ਅਜ਼ੀਮ ਓ ਤਰੀਨ ਸ਼ਖਸ਼ੀਅਤਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ।
ਉਨਾਂ ਅੱਗੇ ਦੱਸਿਆ ਕਿ ਨਿਰਮਾਤਾ ਇਹਿਤਿਸ਼ਾਮ ਨਦੀਮ ਜਾਖੜ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੇ ਮਿਕਸ ਐਂਡ ਮਾਸਟਰ ਆਕਾਸ਼ ਪਰਵੇਜ਼ ਹਨ, ਜਿੰਨ੍ਹਾਂ ਵੱਲੋਂ ਬੇਹੱਦ ਉਮਦਾ ਸੰਗੀਤਕ ਮਾਪਦੰਢਾਂ ਅਧੀਨ ਤਰਾਸ਼ੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਰਾਹੁਲ ਫਿਲਮ ਦੁਆਰਾ ਕੀਤੀ ਗਈ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਅਧੀਨ ਆਉਂਦੇ ਜਲੰਧਰ ਨਾਲ ਸੰਬੰਧਤ ਅਤੇ ਅੱਜਕੱਲ੍ਹ ਆਸਟ੍ਰੇਲੀਆਂ ਵਸੇਂਦੇ ਗੀਤਕਾਰ ਸ਼ੰਮੀ ਜਲੰਧਰੀ ਦਾ ਸੰਗੀਤਕ ਸਫ਼ਰ ਬੇਹੱਦ ਸ਼ਾਨਦਾਰ ਰਿਹਾ ਹੈ, ਜਿੰਨ੍ਹਾਂ ਵੱਲੋਂ ਲਿਖੇ ਗਾਣਿਆ ਨੂੰ ਰਾਹਤ ਫਤਿਹ ਅਲੀ ਖਾਨ ਜਿਹੇ ਆਹਲਾ ਅਤੇ ਉੱਚ-ਕੋਟੀ ਫਨਕਾਰ ਅਪਣੀਆਂ ਆਵਾਜ਼ਾਂ ਦੇ ਚੁੱਕੇ ਹਨ।
ਦੁਨੀਆ ਭਰ ਦੇ ਸਾਹਿਤ ਅਤੇ ਗੀਤਕਾਰੀ ਗਲਿਆਰਿਆਂ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਗੀਤਕਾਰ ਸ਼ੰਮੀ ਜਲੰਧਰੀ ਵੱਲੋਂ ਲਿਖੇ ਅਤੇ ਸਾਲ 2014 ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ-ਜ਼ਰੀਨ ਖਾਨ ਸਟਾਰਰ 'ਜੱਟ ਜੇਮਜ਼ ਬਾਂਡ' ਵਿੱਚ ਸ਼ਾਮਿਲ ਕੀਤੇ ਗਏ ਗਾਣਿਆ ਨੇ ਇਸ ਫਿਲਮ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਈ, ਜੋ ਉਸ ਸਮੇਂ ਦੇ ਟੌਪ ਚਾਰਟ ਬਾਸਟਰ ਗਾਣਿਆਂ ਵਿੱਚ ਵੀ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਸਨ।