ਚੰਡੀਗੜ੍ਹ:ਗਾਇਕ ਸਤਿੰਦਰ ਸਰਤਾਜ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਮਾਣ ਹੈ, ਜੋ ਆਪਣੀ ਸੁਰੀਲੀ ਆਵਾਜ਼ ਅਤੇ ਸਾਰਥਕ ਗੀਤਾਂ ਦੀ ਖ਼ੂਬਸੂਰਤੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਕਦੇ ਵੀ ਅਸਫਲ ਨਹੀਂ ਹੋਇਆ।
ਇਸ ਸੂਫੀ ਗਾਇਕ ਨੇ ਆਪਣੇ ਹਰ ਕੰਮ ਨਾਲ ਲੋਕਾਂ ਨੂੰ ਉੱਚਾ ਚੁੱਕਣ ਲਈ ਆਪਣਾ ਜਾਦੂ ਪੂਰੀ ਦੁਨੀਆ ਵਿੱਚ ਫੈਲਾਇਆ ਹੈ। ਹੁਣ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੈਰਾਨੀਜਨਕ ਟ੍ਰੀਟ ਦਿੰਦੇ ਹੋਏ ਸੁਰਾਂ ਦੇ ਸਰਤਾਜ ਨੇ ਇੱਕ ਬਿਲਕੁਲ ਨਵੇਂ ਵਿਸ਼ੇ ਵਾਲਾ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਨਾਂ ਹੈ 'ਇੰਟਰਨੈੱਟ'। ਇਸ ਦੇ ਬੋਲ ਅਤੇ ਰਚਨਾ ਦਾ ਸੰਚਾਲਨ ਖੁਦ ਸਤਿੰਦਰ ਸਰਤਾਜ ਦੁਆਰਾ ਕੀਤਾ ਗਿਆ ਹੈ।
ਗੀਤ 'ਇੰਟਰਨੈੱਟ' ਦੇ ਬੋਲ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਰਹੇ ਹਨ। ਅਸਲ ਵਿੱਚ ਗਾਇਕ ਨੇ ਗੀਤ ਵਿੱਚ ਇੰਟਰਨੈੱਟ ਵਾਲੀ ਖੁਸ਼ੀ ਅਤੇ ਅਸਲੀ ਖੁਸ਼ੀ ਬਾਰੇ ਵਿਚਾਰ ਚਰਚਾ ਕੀਤੀ ਹੈ ਅਤੇ ਅੰਤ ਉਤੇ ਪ੍ਰਸ਼ੰਸਕਾਂ ਨੂੰ ਸੁਝਾਅ ਵੀ ਦਿੱਤਾ ਹੈ ਕਿ ਇਸ ਨੂੰ ਲਤ ਜਾਂ ਆਦਤ ਨਹੀਂ ਬਣਾਉਣਾ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਈ ਤਰ੍ਹਾਂ ਦੇ ਨੁਕਸਾਨ ਹੋਣ ਦਾ ਡਰ ਹੈ। ਪ੍ਰਸ਼ੰਸਕਾਂ ਨੂੰ ਇਸ ਲਤ ਤੋਂ ਜਲਦੀ ਹੀ ਬਰੀ ਹੋਣ ਦਾ ਸੁਝਾਅ ਵੀ ਗਾਇਕ ਨੇ ਦਿੱਤਾ ਹੈ।
ਉਲੇਖਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਰੁਮਾਂਚਕ ਖਬਰ ਸਾਂਝੀ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹ ਜਲਦੀ ਹੀ ਇੱਕ ਨਵੀਂ ਐਲਬਮ "ਟਰੈਵਲ ਡਾਇਰੀਜ਼" ਲੈ ਕੇ ਆ ਰਹੇ ਹਨ ਅਤੇ ਰਿਲੀਜ਼ ਹੋਇਆ ਗੀਤ ਇੰਟਰਨੈੱਟ ਵੀ ਇਸੇ ਐਲਬਮ ਦਾ ਹੈ। ਇਹ ਐਲਬਮ 'ਸਪੀਡ ਰਿਕਾਰਡਸ' ਦੇ ਸਹਿਯੋਗ ਨਾਲ ਰਿਲੀਜ਼ ਕੀਤੀ ਗਈ ਹੈ ਅਤੇ ਇਸ ਵਿੱਚ ਕੁੱਲ 21 ਗੀਤ ਸ਼ਾਮਲ ਹਨ। ਜਿਹਨਾਂ ਵਿੱਚੋਂ ਕਾਫੀ ਸਾਰੇ ਰਿਲੀਜ਼ ਹੋ ਗਏ ਹਨ।
ਹੁਣ ਦੁਬਾਰਾ ਇਸ ਗੀਤ ਵੱਲ ਮੁੜੀਏ ਤਾਂ ਇਹ ਗੱਲ ਧਿਆਨਦੇਣਯੋਗ ਹੈ ਕਿ ਇਸ ਗੀਤ ਨੂੰ ਸਰੋਤੇ ਕਾਫੀ ਜਿਆਦਾ ਪਸੰਦ ਕਰ ਰਹੇ ਹਨ। ਰਿਲੀਜ਼ ਹੁੰਦੇ ਹੀ ਇਸ ਗੀਤ ਨੂੰ 20,000 ਤੋਂ ਜਿਆਦਾ ਵਿਊਜ਼ ਮਿਲ ਚੁੱਕੇ ਹਨ ਅਤੇ ਲੋਕ ਇਸ ਗੀਤ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਵੀ ਵਿਅਕਤ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਤੁਸੀਂ ਜ਼ਿੰਦਗੀ ਦਾ ਹਰ ਪਹਿਲੂ ਗਾ ਦਿੱਤਾ ਏ ਸਰਤਾਜ ਜੀ, ਸਾਡੇ ਹਾਸੇ ਤੁਹਾਡੀ ਆਵਾਜ਼ ਦੇ ਨਾਲ ਹੀ ਅਸਲੀ।' ਇੱਕ ਹੋਰ ਨੇ ਲਿਖਿਆ, 'ਬਹੁਤ ਹੀ ਵਧੀਆ ਗੀਤ ਹੈ, ਇਹਨੂੰ ਕਹਿੰਦੇ ਨੇ ਸਾਫ਼ ਸੁਥਰੀ ਅਤੇ ਸੁਚੱਜੀ ਗਾਇਕੀ।'