ਬਰਨਾਲਾ: ਵਿਧਾਨ ਸਭਾ ਹਲਕਾ 103 - ਬਰਨਾਲਾ ਦੀ ਭਲਕੇ 20 ਨਵੰਬਰ ਨੂੰ ਹੋਣ ਵਾਲੀ ਉਪ ਚੋਣ ਲਈ ਪ੍ਰਬੰਧ ਮੁਕੰਮਲ ਹਨ। ਅੱਜ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਸੰਧੂ ਪੱਤੀ ਤੋਂ ਪੋਲਿੰਗ ਟੀਮਾਂ ਈਵੀਐਮ ਮਸ਼ੀਨਾਂ ਅਤੇ ਹੋਰ ਜਰੂਰੀ ਸਮਾਨ ਲੈ ਕੇ ਪੋਲਿੰਗ ਬੂਥਾਂ ਲਈ ਰਵਾਨਾ ਹੋਈਆਂ।
'ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ'
ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 103 - ਬਰਨਾਲਾ ਵਿੱਚ ਕੁੱਲ 180088 ਵੋਟਰ ਹਨ, ਜਿਨਾਂ ’ਚੋਂ 94957 ਪੁਰਸ਼, 85127 ਮਹਿਲਾ ਵੋਟਰ ਤੇ 4 ਹੋਰ ਵੋਟਰ ਹਨ। ਇਸ ਤੋਂ ਇਲਾਵਾ 636 ਸਰਵਿਸ (621 ਪੁਰਸ਼, 15 ਮਹਿਲਾ) ਵੋਟਰ ਹਨ। ਉਨ੍ਹਾਂ ਦੱਸਿਆ ਕਿ 212 ਪੋਲਿੰਗ ਬੂਥ ਤੇ 84 ਪੋਲਿੰਗ ਬੂਥ ਲੋਕੇਸ਼ਨਾਂ ਹਨ। ਉਨ੍ਹਾਂ ਦੱਸਿਆ ਕਿ ਭਲਕੇ ਵੋਟਾਂ ਲਈ 1064 ਦੇ ਕਰੀਬ ਚੋਣ ਅਮਲਾ ਅਤੇ 1100 ਦੇ ਕਰੀਬ ਸੁਰੱਖਿਆ ਅਮਲਾ ਤਾਇਨਾਤ ਰਹੇਗਾ।
'23 ਨਵੰਬਰ (ਸ਼ਨੀਵਾਰ) ਨੂੰ ਹੋਵੇਗੀ ਵੋਟਾਂ ਦੀ ਗਿਣਤੀ'
ਇਸ ਦੌਰਾਨ ਅੱਜ ਵੱਖ-ਵੱਖ ਪੋਲਿੰਗ ਪਾਰਟੀਆਂ ਚੋਣ ਸਮੱਗਰੀ ਲੈ ਕੇ ਪੋਲਿੰਗ ਸਟੇਸ਼ਨਾਂ ’ਤੇ ਪੁੱਜ ਗਈਆਂ ਹਨ। ਰਿਟਰਨਿੰਗ ਅਫ਼ਸਰ ਗੁਰਬੀਰ ਸਿੰਘ ਕੋਹਲੀ ਦੀ ਅਗਵਾਈ ’ਚ ਪੋਲਿੰਗ ਪਾਰਟੀਆਂ ਸਰਕਾਰੀ ਸੀਨੀਅਰ ਸੈਕੰਡਰੀ ਸੰਧੂ ਪੱਤੀ ਬਰਨਾਲਾ ਤੋਂ ਰਵਾਨਾ ਹੋਈਆਂ ਤੇ ਪੋਲਿੰਗ ਸਟੇਸ਼ਨਾਂ 'ਤੇ ਪੁੱਜੀਆਂ। ਉਨ੍ਹਾਂ ਦੱਸਿਆ ਕਿ ਪੋਲਿੰਗ ਸਟੇਸ਼ਨਾਂ 'ਤੇ ਚੋਣ ਪ੍ਰਕਿਰਿਆ ਵਿਚ ਮਦਦ ਅਤੇ ਵੋਟਰਾਂ ਦੀ ਸਹੂਲਤ ਲਈ 1000 ਤੋਂ ਵੱਧ ਵਿਦਿਆਰਥੀ ਵਲੰਟੀਅਰਾਂ ਵਜੋਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 23 ਨਵੰਬਰ (ਸ਼ਨੀਵਾਰ) ਨੂੰ ਹੋਵੇਗੀ, ਜਿਸ ਬਾਬਤ ਐੱਸ. ਡੀ ਕਾਲਜ ਬਰਨਾਲਾ ਵਿੱਚ ਗਿਣਤੀ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਵਿਧਾਨ ਸਭਾ ਜਿਮਨੀ ਚੋਣ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ 3 ਕੇਂਦਰੀ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੇ ਜਵਾਨ ਤੈਨਾਤ ਰਹਿਣਗੇ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਪੁਲਿੰਗ ਬੂਥਾਂ ਦੀ ਸੈਂਸਟੀਵਿਟੀ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਰਹਿਣਗੇ। ਉਹਨਾਂ ਕਿਹਾ ਕਿ ਕੁੱਲ 84 ਲੋਕੇਸ਼ਨਾਂ ਹਨ, ਜਿੱਥੇ ਵੋਟਾ ਪੈਣੀਆਂ ਹਨ। ਉਹਨਾਂ ਕਿਹਾ ਕਿ ਸਾਡੇ ਕੋਲ ਸੁਰੱਖਿਆ ਬਲ ਵਾਧੂ ਹਨ, ਜਿਸ ਕਰਕੇ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰ ਦਿੱਤੇ ਗਏ ਹਨ। ਕਿਸੇ ਵੀ ਵਿਅਕਤੀ ਨੂੰ ਕਾਨੂੰਨ ਵਿਵਸਥਾ ਨੂੰ ਖ਼ਰਾਬ ਕਰਨ ਦੀ ਇਜ਼ਾਜ਼ਤ ਨਹੀਂ ਹੋਵੇਗੀ।
- ਬਰਨਾਲਾ ਜ਼ਿਮਨੀ ਚੋਣ: ਸੀਟ ਜਿੱਤਣ ਲਈ ਲਾਈ ਤਿੰਨੋ ਸਿਆਸੀ ਪਾਰਟੀਆਂ ਨੇ ਲਾਈ ਪੂਰੀ ਵਾਹ, ਜਾਣੋ ਸਿਆਸੀ ਸਮੀਕਰਨ
- ਡੇਰਾ ਬਾਬਾ ਨਾਨਕ ਜ਼ਿਮਨੀ ਚੋਣ: ਦਾਅ 'ਤੇ ਸਿਆਸੀ ਦਿੱਗਜ ਦੀ ਸੀਟ, ਕਾਂਗਰਸ ਤੇ ਆਪ ਵਿਚਾਲੇ ਰਹੇਗੀ ਟੱਕਰ
- ਚੱਬੇਵਾਲ ਜ਼ਿਮਨੀ ਚੋਣ: ਆਪ ਉਮੀਦਵਾਰ ਤੇ ਕਾਂਗਰਸ ਦੇ ਵਕੀਲ ਚੋਣ ਮੈਦਾਨ 'ਚ, ਜਾਣੋ ਸਿਆਸੀ ਸਮੀਕਰਨ
- ਗਿੱਦੜਬਾਹਾ ਜ਼ਿਮਨੀ ਚੋਣ: ਕਾਂਗਰਸੀ ਐਮਪੀ ਦੀ ਪਤਨੀ ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵਿਚਾਲੇ ਰਹੇਗੀ ਚੋਣ ਟੱਕਰ