ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਗਾਇਕੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਹਨ ਡਾ. ਸਤਿੰਦਰ ਸਰਤਾਜ, ਜੋ ਹੁਣ ਪੰਜਾਬੀ ਸਿਨੇਮਾ ਖਿੱਤੇ ਵਿੱਚ ਵੀ ਪੜਾੜ-ਦਰ-ਪੜਾਅ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿਸ ਦਾ ਹੀ ਇੱਕ ਹੋਰ ਅਨੂਠਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਰਿਲੀਜ਼ ਹੋਣ ਜਾ ਰਹੀ ਨਵੀਂ ਫਿਲਮ 'ਸ਼ਾਯਰ', ਜਿਸ ਦਾ ਪਲੇਠਾ ਗਾਣਾ 'ਮਹਿਬੂਬ ਜੀ' ਅੱਜ 12 ਫ਼ਰਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋ ਗਿਆ ਹੈ।
'ਨੀਰੂ ਬਾਜਵਾ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਅਤੇ ਲੇਖਨ ਜਗਦੀਪ ਵੜਿੰਗ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦਾ ਸਿਨੇਮਾਟੋਗ੍ਰਾਫ਼ਰੀ ਪੱਖ ਸੰਦੀਪ ਪਾਟਿਲ ਦੁਆਰਾ ਸੰਭਾਲਿਆ ਗਿਆ ਹੈ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਮੋਹਾਲੀ ਆਸ-ਪਾਸ ਫਿਲਮਾਈ ਗਈ ਇਸ ਫਿਲਮ ਵਿੱਚ ਡਾ. ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਲੀਡ ਜੋੜੀ ਦੇ ਰੂਪ ਵਿੱਚ ਨਜ਼ਰ ਅਉਣਗੇ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਕਲੀ ਜੋਟਾ' ਤੋਂ ਬਾਅਦ ਇਸ ਫਿਲਮ ਵਿੱਚ ਦੂਜੀ ਵਾਰ ਇਕੱਠਿਆਂ ਵਿਖਾਈ ਦੇਣਗੇ, ਜਿੰਨਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਸੰਬੰਧਤ ਕਈ ਮੰਨੇ ਪ੍ਰਮੰਨੇ ਚਿਹਰੇ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
ਪਾਲੀਵੁੱਡ ਗਲਿਆਰਿਆਂ ਵਿੱਚ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ ਇੱਕ ਸੰਗੀਤਮਈ ਰੋਮਾਂਟਿਕ-ਡਰਾਮਾ ਕਹਾਣੀ ਵੱਜੋਂ ਬੁਣੀ ਗਈ ਹੈ, ਜਿਸ ਦੇ ਜਾਰੀ ਹੋਣ ਜਾ ਰਹੇ ਉਕਤ ਪਹਿਲੇ ਗੀਤ ਦੇ ਬੋਲ ਅਤੇ ਕੰਪੋਜੀਸ਼ਨ ਵੀ ਸਤਿੰਦਰ ਸਰਤਾਜ ਵੱਲੋਂ ਰਚੇ ਗਏ ਹਨ, ਜਦਕਿ ਇਸ ਦਾ ਸੰਗੀਤ ਬੀਟਸ ਮਨਿਸਟਰ ਨੇ ਸੰਗੀਤਬੱਧ ਕੀਤਾ ਹੈ, ਜਿਸ ਦਾ ਫਿਲਮਾਂਕਣ ਵੀ ਰਾਜਸਥਾਨ ਦੀਆਂ ਵੱਖੋ-ਵੱਖਰੀਆਂ ਅਤੇ ਪੁਰਾਣੇ ਪੰਜਾਬ ਦੀ ਤਰਜ਼ਮਾਨੀ ਕਰਦੀਆਂ ਮਨਮੋਹਕ ਲੋਕੇਸ਼ਨਜ 'ਤੇ ਬੇਹੱਦ ਉਮਦਾ ਰੂਪ ਵਿੱਚ ਕੀਤਾ ਗਿਆ ਹੈ।