ਚੰਡੀਗੜ੍ਹ:ਇਤਿਹਾਸ ਅਤੇ ਫਿਲਮਾਂ ਦਾ ਕਾਫੀ ਗੂੜ੍ਹਾ ਰਿਸ਼ਤਾ ਹੈ, ਅਸੀਂ ਦੇਖਦੇ ਹਾਂ ਕਿ ਜਿਸ ਇਤਿਹਾਸ ਨੂੰ ਅਸੀਂ ਪੜ੍ਹਨ ਤੋਂ ਕੰਨੀ ਕੁਤਰਾਉਂਦੇ ਹਾਂ, ਪਰ ਜਦੋਂ ਇਸ ਇਤਿਹਾਸ ਨੂੰ ਫਿਲਮਾਂ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ ਤਾਂ ਹਰ ਕੋਈ ਇਸ ਨੂੰ ਬਹੁਤ ਹੀ ਦਿਲਚਸਪੀ ਨਾਲ ਦੇਖਦਾ ਹੈ। ਇਸ ਤਰ੍ਹਾਂ ਹਾਲ ਹੀ ਵਿੱਚ ਪਾਲੀਵੁੱਡ ਗਲਿਆਰੇ ਵਿੱਚ ਇੱਕ ਸ਼ਾਨਦਾਰ ਫਿਲਮ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸਦਾ ਨਾਂਅ ਹੈ 'ਰਜਨੀ'।
ਜਿਵੇਂ ਕਿ ਤੁਹਾਨੂੰ ਫਿਲਮ 'ਰਜਨੀ' ਦੇ ਨਾਂਅ ਤੋਂ ਹੀ ਸਪੱਸ਼ਟ ਹੋ ਗਿਆ ਹੋਣਾ ਹੈ ਕਿ ਇਹ ਫਿਲਮ ਸਿੱਖ ਧਰਮ ਦੀ ਇੱਕ ਬਹੁਤ ਹੀ ਰੌਚਕ ਘਟਨਾ ਉਤੇ ਆਧਾਰਿਤ ਹੈ। ਜੀ ਹਾਂ, ਇਹ ਕਹਾਣੀ 'ਬੀਬੀ ਰਜਨੀ' ਦੇ ਜੀਵਨ ਉਤੇ ਆਧਾਰਿਤ ਹੈ, ਜਿਸ ਨੇ ਬਿਨ੍ਹਾਂ ਕਿਸੇ ਡਰ ਦੇ ਰੱਬ ਨੂੰ ਸਰਵ ਸ਼ਕਤੀਮਾਨ ਕਿਹਾ ਸੀ ਅਤੇ ਕਿਹਾ ਸੀ ਕਿ ਇਨਸਾਨ ਨੂੰ ਸਾਰੀਆਂ ਵਸਤਾਂ ਦੇਣ ਵਾਲਾ ਪ੍ਰਮਾਤਮਾ ਹੀ ਹੈ। ਜਿੰਨਾਂ ਦਾ ਰੱਬ ਉਤੇ ਅਟੁੱਟ ਵਿਸ਼ਵਾਸ਼ ਸੀ।
ਹੁਣ ਪ੍ਰਤਿਭਾਸ਼ਾਲੀ ਨੌਜਵਾਨ ਨਿਰਦੇਸ਼ਕ ਅਮਰ ਹੁੰਦਲ ਨੇ ਇਸ ਉਤੇ ਸ਼ਾਨਦਾਰ ਫਿਲਮ ਬਣਾਈ ਹੈ, ਜਿਸ ਦਾ ਖੂਬਸੂਰਤ ਟੀਜ਼ਰ ਅੱਜ ਰਿਲੀਜ਼ ਹੋ ਗਿਆ ਹੈ। ਇਸ ਅਲਹਦਾ ਫਿਲਮ ਦੀ ਰੂਪੀ ਗਿੱਲ ਪ੍ਰਭਾਵੀ ਹਿੱਸਾ ਹੈ, ਅਦਾਕਾਰਾ ਬੀਬੀ ਰਜਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
'ਮੈਡ 4 ਫਿਲਮਜ਼' ਦੇ ਬੈਨਰ ਹੇਠ ਸਾਹਮਣੇ ਆ ਰਹੀ ਇਸ ਧਾਰਮਿਕ-ਰੂਹਾਨੀਅਤ ਦੇ ਰੰਗਾਂ ਵਿੱਚ ਰੰਗੀ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜੋ 30 ਅਗਸਤ 2024 ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।
ਹੁਣ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਫਿਲਮ ਦੀ ਮੁੱਖ ਅਦਾਕਾਰਾ ਨੇ ਲਿਖਿਆ, 'ਮੈਨੂੰ ਬੀਬੀ ਰਜਨੀ ਦੀ ਕਹਾਣੀ ਨੇ ਬਚਪਨ ਤੋਂ ਹੀ ਰੱਬ ਵਿੱਚ ਵਿਸ਼ਵਾਸ਼ ਰੱਖਣ ਦੀ ਸਿੱਖਿਆ ਦਿੱਤੀ। ਰੱਬ ਦੀ ਹਰ ਮਾਤ ਵਿੱਚ ਕਰਾਮਾਤ ਹੈ। ਸਾਡੀਆਂ ਜੜ੍ਹਾਂ, ਸਾਡਾ ਸੱਭਿਆਚਾਰ ਅਤੇ ਸਾਡੇ ਇਤਿਹਾਸ ਨੂੰ ਬਿਆਨ ਕਰਦੀ ਇਹ ਫਿਲਮ 30 ਅਗਸਤ 2024 ਨੂੰ ਰਿਲੀਜ਼ ਹੋਵੇਗੀ। ਦੁੱਖ ਭੰਜਨ ਤੇਰਾ ਨਾਮ।'
ਹੁਣ ਜਦੋਂ ਤੋਂ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਸਿਤਾਰੇ ਅਤੇ ਪ੍ਰਸ਼ੰਸਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਅਤੇ ਫਿਲਮ ਉਤੇ ਪਿਆਰ ਲੁਟਾ ਰਹੇ ਹਨ। ਅਦਾਕਾਰਾ-ਗਾਇਕਾ ਨਿਮਰਤ ਖਹਿਰਾ ਨੇ ਲਿਖਿਆ, 'ਛਾਅ ਗਈ ਕੁੜੀ ਸਾਡੀ।' ਧੀਰਜ ਕੁਮਾਰ ਨੇ ਲਿਖਿਆ, 'ਵਾਹ।'
ਉਲੇਖਯੋਗ ਹੈ ਕਿ ਪਾਲੀਵੁੱਡ ਵਿੱਚ ਅਨਾਊਂਸਮੈਂਟ ਤੋਂ ਹੀ ਚਰਚਾ ਦਾ ਕੇਂਦਰ ਬਣ ਚੁੱਕੀ ਫਿਲਮ ਰਜਨੀ ਦੀ ਸਿਰਜਨਾ ਨੂੰ ਲੈ ਕੇ ਨਿਰਦੇਸ਼ਕ ਅਮਰ ਹੁੰਦਲ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਹੈ ਕਿ ਗੌਰਵਮਈ ਸਿੱਖ ਇਤਿਹਾਸ ਦੀ ਮਹਾਨ ਸ਼ਖਸ਼ੀਅਤ ਵਜੋਂ ਅੱਜ ਜਾਣੀ ਜਾਂਦੀ ਰਹੀ ਬੀਬੀ ਰਜਨੀ ਦੀ ਕਹਾਣੀ ਬਚਪਨ ਤੋਂ ਹੀ ਉਨ੍ਹਾਂ ਨੂੰ ਰੱਬ ਵਿੱਚ ਵਿਸ਼ਵਾਸ ਰੱਖਣ ਦੀ ਪ੍ਰੇਰਨਾ ਦਿੰਦੀ ਆ ਰਹੀ ਹੈ।
ਇਸ ਦੌਰਾਨ ਜੇਕਰ ਅਦਾਕਾਰਾ ਰੂਪੀ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਵਿੱਚ ਰਿਲੀਜ਼ ਹੋਈ ਹਿੱਟ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਨਾਲ ਚਰਚਾ ਵਿੱਚ ਹੈ, ਇਸ ਤੋਂ ਇਲਾਵਾ ਅਦਾਕਾਰਾ 'ਪਰਿੰਦਾ ਪਾਰ ਗਿਆ', 'ਲਾਈਏ ਜੇ ਯਾਰੀਆਂ', 'ਅਸ਼ਕੇ', 'ਮਾਂ ਦਾ ਲਾਡਲਾ', 'ਵੱਡਾ ਕਲਾਕਾਰ' ਆਦਿ ਜਿਹੀਆਂ ਕਈ ਬਹੁ-ਚਰਚਿਤ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਹੈ।