ਬਠਿੰਡਾ : ਅਕਸਰ ਹੀ ਲੋਕ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਾਉਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਪੁਖਤਾ ਪ੍ਰਬੰਧ ਅਤੇ ਸਾਜੋ ਸਮਾਨ ਨਹੀਂ ਹੈ ਪਰ ਦੂਸਰੇ ਪਾਸੇ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਈਐਨਟੀ ਵਿਭਾਗ ਵਿੱਚ ਤੈਨਾਤ ਡਾਕਟਰ ਪ੍ਰਿਅੰਕਾ ਕਿਸੇ ਮਰੀਜ਼ ਦਾ ਇਲਾਜ ਕਰਾਉਣ ਲਈ ਆਈ ਦੋਵੇਂ ਕੰਨਾਂ ਤੋਂ ਰਹਿਤ ਕੁਲਵਿੰਦਰ ਕੌਰ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।
ਲੱਖਾਂ ਰੁਪਏ ਦਾ ਖਰਚਾ ਆਉਣ ਕਾਰਨ ਕੰਨਾਂ ਦਾ ਇਲਾਜ ਨਹੀਂ ਕਰਵਾਇਆ ਗਿਆ
ਕੁਲਵਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੀ ਮਾਤਾ ਦੀਆਂ ਅੱਖਾਂ ਦਾ ਇਲਾਜ ਕਰਵਾਉਣ ਲਈ ਡਾਕਟਰ ਪ੍ਰਿਅੰਕਾ ਕੋਲ ਆਈਸੀ ਇਸ ਦੌਰਾਨ ਹੀ ਜਦੋਂ ਡਾਕਟਰ ਪ੍ਰਿਅੰਕਾ ਵੱਲੋਂ ਉਸ ਵੱਲ ਵੇਖਿਆ ਗਿਆ ਤਾਂ ਕਿਹਾ ਕਿ ਤੇਰੇ ਦੋਨੇ ਕੰਨਾਂ ਦਾ ਇਲਾਜ ਮੈਂ ਕਰ ਸਕਦੀ ਹਾਂ। ਕੁਲਵਿੰਦਰ ਕੌਰ ਨੇ ਦੱਸਿਆ ਕਿ ਦੋਵੇਂ ਕੰਨਾਂ ਦੇ ਇਲਾਜ ਲਈ ਉਸ ਵੱਲੋਂ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਏ ਗਏ ਸਨ ਪਰ ਲੱਖਾਂ ਰੁਪਏ ਦਾ ਖਰਚਾ ਆਉਣ ਕਾਰਨ ਉਸ ਵੱਲੋਂ ਆਪਣੇ ਦੋਵੇਂ ਕੰਨਾਂ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ ਸੀ।
ਕੁੱਲਵਿੰਦਰ ਕੌਰ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਸ ਵੱਲੋਂ ਇੱਕ ਕੰਨ ਦੀ ਸਰਜਰੀ ਜਰੂਰ ਕਰਵਾਈ ਗਈ ਸੀ, ਜਿਸ ਉੱਪਰ ਵੀ 70 ਤੋਂ 80 ਹਜਾਰ ਦਾ ਖਰਚਾ ਆ ਗਿਆ ਸੀ ਪਰ ਸਰਕਾਰੀ ਹਸਪਤਾਲ ਦੇ ਡਾਕਟਰ ਡਾਕਟਰ ਪ੍ਰਿਅੰਕਾ ਵੱਲੋਂ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਘੱਟ ਤੋਂ ਘੱਟ ਖਰਚੇ ਵਿੱਚ ਉਸ ਦੇ ਦੋਵੇਂ ਕੰਨਾਂ ਦਾ ਜੋ ਕਿ ਬਚਪਨ ਤੋਂ ਹੀ ਅੱਧੇ ਕੰਨ ਦੀ ਪਲਾਸਟਿਕ ਸਰਜਰੀ ਕੀਤੀ ਜਾਵੇਗੀ। ਜਿਸ ਤੋਂ ਬਾਅਦ ਉਸ ਵੱਲੋਂ ਡਾਕਟਰ ਪ੍ਰਿਅੰਕਾ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਗਿਆ ਅਤੇ ਡਾਕਟਰਾਂ ਵੱਲੋਂ ਪੰਜ ਘੰਟੇ ਦੇ ਅਪਰੇਸ਼ਨ ਅਤੇ ਕੰਨ ਦੇ ਪਿਛਲੇ ਪਾਸੇ ਦੇ ਮਾਸ ਨੂੰ ਲੈ ਕੇ ਉਨ੍ਹਾਂ ਕੰਨਾਂ ਦੀ ਸਰਜਰੀ ਕੀਤੀ ਗਈ ਹੈ ਅਤੇ ਇਸ ਸਰਜਰੀ ਉੱਪਰ ਮਾਤਰ ਉਸਦਾ 150 ਰੁਪਏ ਖਰਚਾ ਆਇਆ ਹੈ।
ਚੁੰਨੀ ਨਾਲ ਲੁਕਾਉਦੀਂ ਸੀ ਕੰਨਾਂ ਦੀ ਕਮਜ਼ੋਰੀ ਨੂੰ
ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਸਮਾਜ ਵਿੱਚ ਵਿਚਰਨ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਲੋਕਾਂ ਵੱਲੋਂ ਉਸ ਨੂੰ ਮਾੜੇ ਚੰਗੇ ਸਵਾਲ ਕੀਤੇ ਜਾਂਦੇ ਸਨ ਅਤੇ ਅਕਸਰ ਹੀ ਉਹ ਆਪਣੇ ਕੰਨਾਂ ਦੀ ਕਮਜ਼ੋਰੀ ਨੂੰ ਛਪਾਉਣ ਲਈ ਚੁੰਨੀ ਅੰਦਰ ਕਰ ਲੈਂਦੀ ਸੀ ਪਰ ਰਿਸ਼ਤੇਦਾਰਾਂ ਵੱਲੋਂ ਵੀ ਕਈ ਵਾਰ ਉਸਨੂੰ ਟੋਕਾ ਟਾਕੀ ਕੀਤੀ ਜਾਂਦੀ ਸੀ। ਜਿਸ ਕਾਰਨ ਉਸਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਅੱਜ ਡਾਕਟਰ ਪ੍ਰਿਅੰਕਾ ਵੱਲੋਂ ਕੀਤੀ ਗਈ ਸਫਲ ਪਲਾਸਟਿਕ ਸਰਜਰੀ ਤੋਂ ਬਾਅਦ ਉਹ ਸਮਾਜ ਵਿੱਚ ਆਮ ਲੋਕਾਂ ਵਾਂਗ ਵਿਚਰ ਸਕਦੀ ਹੈ ਜੋ ਕਿ ਉਸ ਲਈ ਮਾਣ ਵਾਲੀ ਗੱਲ ਹੈ।
150 ਤੋਂ 200 ਰੁਪਏ ਦਾ ਪਲਾਸਟਿਕ ਸਰਜਰੀ ਦੌਰਾਨ ਖਰਚਾ ਆਇਆ
ਸਰਕਾਰੀ ਹਸਪਤਾਲ ਦੇ ਏਐਨਟੀ ਵਿਭਾਗ ਵਿੱਚ ਤੈਨਾਤ ਡਾਕਟਰ ਪ੍ਰਿਅੰਕਾ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਪਹਿਲੀ ਕੰਨਾਂ ਦੀ ਪਲਾਸਟਿਕ ਸਰਜਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਨੱਕ ਦੀ ਹੱਡੀ ਦੀ ਪਲਾਸਟਿਕ ਸਰਜਰੀ ਕੀਤੀ ਜਾਂਦੀ ਰਹੀ ਹੈ। ਕੁਲਵਿੰਦਰ ਕੌਰ ਦੇ ਹਾਲਾਤਾਂ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਪਹਿਲ ਦੇ ਆਧਾਰ 'ਤੇ ਪਲਾਸਟਿਕ ਸਰਜਰੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਲਈ ਉਨ੍ਹਾਂ ਵੱਲੋਂ ਕੁਲਵਿੰਦਰ ਕੌਰ ਦੇ ਕੰਨ ਦੇ ਪਿਛਲੇ ਪਾਸੇ ਦੇ ਮਾਸ ਨੂੰ ਲਿਆ ਗਿਆ ਅਤੇ ਪੰਜ ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਕੁਲਵਿੰਦਰ ਕੌਰ ਦੇ ਕੰਨਾਂ ਦਾ ਸਫਲ ਇਲਾਜ ਕੀਤਾ ਗਿਆ ਹੈ ਅਤੇ ਮਾਤਰ ਕੁਲਵਿੰਦਰ ਕੌਰ ਦਾ 150 ਤੋਂ 200 ਰੁਪਏ ਇਸ ਪਲਾਸਟਿਕ ਸਰਜਰੀ ਦੌਰਾਨ ਖਰਚਾ ਆਇਆ ਹੈ।
ਮਰੀਜ਼ਾਂ ਦਾ ਵਧੀਆ ਢੰਗ ਨਾਲ ਇਲਾਜ
ਡਾਕਟਰ ਪ੍ਰਿਅੰਕਾ ਸਿੰਗਲਾ ਨੇ ਕਿਹਾ ਕਿ ਇਸ ਪਲਾਸਟਿਕ ਸਰਜਰੀ ਦੇ ਸਫਲ ਹੋਣ ਤੋਂ ਬਾਅਦ ਜਿੱਥੇ ਵਿਭਾਗ ਵੱਲੋਂ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਉੱਥੇ ਹੀ ਵੱਡੀ ਗਿਣਤੀ ਵਿੱਚ ਇਸ ਬਿਮਾਰੀ ਤੋਂ ਪੀੜਿਤ ਲੋਕ ਉਨ੍ਹਾਂ ਕੋਲ ਇਲਾਜ ਲਈ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਪੱਧਰ 'ਤੇ ਉਨ੍ਹਾਂ ਵੱਲੋਂ ਪਲਾਸਟਿਕ ਸਰਜਰੀ ਨੂੰ ਲੈ ਕੇ ਸਾਜੋ ਸਮਾਨ ਲਿਆਂਦਾ ਗਿਆ ਹੈ ਤਾਂ ਜੋ ਆਪਣੇ ਮਰੀਜ਼ਾਂ ਦਾ ਵਧੀਆ ਢੰਗ ਨਾਲ ਇਲਾਜ ਕਰ ਸਕਣ।