ਫਰੀਦਕੋਟ: ਪੰਜਾਬੀ ਸੱਭਿਆਚਾਰ ਨੂੰ ਸੰਗ਼ੀਤਕ ਨੁਮਾਇੰਦਗੀ ਅਤੇ ਪ੍ਰਫੁੱਲਤਾ ਦੇਣ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਲੋਕ ਗਾਇਕ ਹਰਿੰਦਰ ਸੰਧੂ ਅਪਣਾ ਨਵਾਂ ਗਾਣਾ 'ਪ੍ਰਾਹੁਣੇ' ਸੰਗ਼ੀਤ ਪ੍ਰੇਮੀਆਂ ਸਨਮੁੱਖ ਕਰਨ ਜਾ ਰਹੇ ਹਨ। ਉਨ੍ਹਾਂ ਦੀ ਬੇਹਤਰੀਣ ਗਾਇਕੀ ਦਾ ਮੁਜ਼ਾਹਰਾ ਕਰਦਾ ਇਹ ਗੀਤ ਅੱਜ ਸ਼ਾਮ ਨੂੰ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ। ਹਰਿੰਦਰ ਸੰਧੂ ਵੱਲੋ ਅਪਣੇ ਘਰੇਲੂ ਸੰਗ਼ੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਵਿੱਚ ਪੁਰਾਤਨ ਸਾਜਾਂ ਦੀ ਵੀ ਭਰਪੂਰ ਸੁਮੇਲਤਾ ਕੀਤੀ ਗਈ ਹੈ।
ਉਨ੍ਹਾਂ ਦੀ ਸੰਗ਼ੀਤਕ ਟੀਮ ਅਨੁਸਾਰ ਅੱਜ ਸ਼ਾਮ 5.00 ਵਜੇ ਰਿਲੀਜ਼ ਕੀਤੇ ਜਾ ਰਹੇ ਇਸ ਗਾਣੇ ਵਿੱਚ ਹਰਿੰਦਰ ਸੰਧੂ ਵੱਲੋ ਸਹਿ ਗਾਇਕਾ ਅਮਨ ਧਾਲੀਵਾਲ ਸਮੇਤ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਮੰਨੇ ਜਾਂਦੇ ਅਤੇ ਵਿਆਹ ਸਮਾਰੋਹਾਂ ਦੀ ਸ਼ਾਨ ਮੰਨੇ ਜਾਂਦੇ ਪ੍ਰਹੁਣਿਆਂ ਦੀ ਉਨ੍ਹਾਂ ਸਮਿਆਂ ਵਿੱਚ ਰਹੀ ਮਹੱਤਤਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੰਜਾਬ ਤੋਂ ਸੱਤ ਸੁਮੰਦਰ ਪਾਰ ਤੱਕ ਅਪਣੀ ਵਿਲੱਖਣ ਗਾਇਕੀ ਦਾ ਲੋਹਾ ਮੰਨਵਾਉਣ ਵਾਲੇ ਗਾਇਕ ਹਰਿੰਦਰ ਸੰਧੂ ਅਨੁਸਾਰ ਅਸਲ ਵਿਰਸੇ ਦੇ ਮੱਧਮ ਪੈ ਚੁੱਕੇ ਰੰਗਾਂ ਨੂੰ ਮੁੜ ਪ੍ਰਭਾਵੀ ਰੂਪ ਦੇਣ ਜਾ ਰਹੇ ਉਨਾਂ ਦੇ ਇਸ ਗਾਣੇ ਸਬੰਧਤ ਮਿਊਜ਼ਿਕ ਵੀਡੀਓ ਵਿੱਚ ਪਰਿਵਾਰਿਕ ਰਿਸ਼ਤਿਆਂ ਦਾ ਅਹਿਮ ਕੇਂਦਰਬਿੰਦੂ ਮੰਨੇ ਜਾਂਦੇ ਰਹੇ ਫੁੱਫੜ, ਜੀਜੇ, ਮਾਮੇ, ਮਾਸੜ ਆਦਿ ਦੀ ਮਹੱਤਤਾ ਨੂੰ ਵੀ ਖੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ ਹੈ।
ਰਜਵਾੜਾਸ਼ਾਹੀ ਨਾਲ ਸਬੰਧ ਰੱਖਦੇ ਜਿਲ੍ਹੇ ਫ਼ਰੀਦਕੋਟ ਦੇ ਸਾਦਿਕ ਇਲਾਕਿਆ ਵਿੱਚ ਫਿਲਮਾਂਏ ਗਏ ਇਸ ਸੰਗ਼ੀਤਕ ਵੀਡੀਓ ਵਿੱਚ ਪੰਜਾਬੀ ਸਿਨੇਮਾਂ ਅਤੇ ਕਲਾ ਖੇਤਰ ਨਾਲ ਜੁੜੇ ਨਾਮਵਰ ਕਲਾਕਾਰਾਂ ਵੱਲੋ ਫੀਚਰਿੰਗ ਕੀਤੀ ਗਈ ਹੈ, ਜਿੰਨਾਂ ਵਿਚ ਗੁਰਚੇਤ ਚਿੱਤਰਕਾਰ, ਗੁਰਮੀਤ ਸਾਜਨ, ਹਰਿੰਦਰ ਸੰਧੂ, ਪ੍ਰਕਾਸ਼ ਗਾਧੂ, ਵਿੱਕੀ ਮਾਣੇਵਾਲੀਆਂ, ਗਾਮਾ ਸਿੱਧੂ, ਕਿਰਨ ਕੌਰ, ਲਛਮਣ ਭਾਣਾ, ਅਮਨ ਸੇਖਵਾਂ, ਪ੍ਰੀਤ ਕਿਰਨ, ਅਮਰਜੀਤ ਸੇਖੋਂ, ਮੰਦਰ ਬੀਹਲੇਵਾਲਾ, ਜਸਬੀਰ ਜੱਸੀ, ਪ੍ਰੀਤ ਜਗਰਾਓ, ਪਰਮਜੀਤ ਕੰਮੇਆਣਾ, ਜਯੋਤੀ ਹਾਂਡਾਂ ਅਤੇ ਬਲਜਿੰਦਰ ਕੌਰ ਆਦਿ ਸ਼ੁਮਾਰ ਹਨ।
ਇਹ ਵੀ ਪੜ੍ਹੋ:-