ਗੁਰਦਾਸਪੁਰ: ਸੂਬੇ ਵਿੱਚ ਇੱਕ ਹੋਰ ਮਾਮੂਲੀ ਵਿਵਾਦ ਕਿਸੇ ਦੀ ਜਾਨ ਦਾ ਵੈਰੀ ਬਣ ਗਿਆ ਅਤੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਮਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਨਾਲ ਲੱਗਦੇ ਪਿੰਡ ਸ਼ਹੂਰ ਖੁਰਦ ਦਾ ਹੈ, ਜਿੱਥੇ ਇਲਜ਼ਾਮ ਹਨ ਕਿ ਪੰਚਾਇਤ ਵੱਲੋਂ ਬਣਾਈ ਜਾ ਰਹੀ ਗਲੀ ਬਣਾਉਣ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਪਿੰਡ ਦੇ ਇੱਕ ਵਿਅਕਤੀ, ਲਵਪ੍ਰੀਤ ਸਿੰਘ ਫੌਜੀ ਨੇ ਆਮ ਆਦਮੀ ਪਾਰਟੀ ਦੇ ਸਰਪੰਚ ਗੁਰਵਿੰਦਰ ਸਿੰਘ ਦੇ ਛੋਟੇ ਭਰਾ ਨਿਰਮਲ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਵਾਰਦਾਤ ਉਸ ਵੇਲੇ ਹੋਈ ਜਦੋਂ ਨਿਰਮਲ ਸਿੰਘ ਕਲਾਨੌਰ ਦੀ ਗਊਸ਼ਾਲਾ ਨੇੜੇ ਜਾ ਰਿਹਾ ਸੀ, ਤਾਂ ਅਚਾਨਕ ਮੁਲਜ਼ਮਾਂ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਉਸ 'ਤੇ ਫਾਇਰਿੰਗ ਕਰ ਦਿੱਤੀ। ਪੀੜਤ ਪਰਿਵਾਰ ਨੇ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਗਲੀ ਦੇ ਵਿਵਾਦ ਕਾਰਨ ਮਾਰਿਆ ਸਰਪੰਚ ਦਾ ਭਰਾ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨਿਰਮਲ ਸਿੰਘ ਦੇ ਚਚੇਰੇ ਭਰਾ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਗੁਰਵਿੰਦਰ ਸਿੰਘ ਪਿੰਡ ਸ਼ਹੂਰ ਖੁਰਦ ਦਾ ਸਰਪੰਚ ਹੈ ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ। ਉਨਾਂ ਵੱਲੋਂ ਪਿੰਡ ਵਿੱਚ ਇੱਕ ਗਲੀ ਬਣਵਾਈ ਜਾ ਰਹੀ ਸੀ। ਇਸ ਗਲੀ ਨੂੰ ਲੈਕੇ ਪਿੰਡ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਫੌਜੀ ਰੋਕਦਾ ਸੀ ਅਤੇ ਪਰਿਵਾਰ ਨਾਲ ਰੰਜਿਸ਼ ਰੱਖਦਾ ਸੀ। ਇਸ ਰੰਜਿਸ਼ ਦੇ ਤਹਿਤ ਹੀ ਉਸ ਨੇ ਨਿਰਮਲ ਸਿੰਘ ਨੂੰ ਕਲਾਨੌਰ ਦੀ ਗਊਸ਼ਾਲਾ ਦੇ ਨੇੜੇ ਘੇਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਨੇ ਉਕਤ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਜਲਦ ਕਾਬੂ ਕੀਤੇ ਜਾਣਗੇ ਮੁਲਜ਼ਮ
ਦੂਜੇ ਪਾਸੇ, ਮੌਕੇ 'ਤੇ ਪਹੁੰਚੇ ਐਸਪੀਡੀ ਯੁਗਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾਵੇਗੀ।