ਅੰਮ੍ਰਿਤਸਰ : ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਵਿੱਚ ਹੋਏ ਕਤਲ ਨਾਲ ਸਬੰਧਤ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਸ ਕੇਸ ਵਿੱਚ ਇਨਸਾਫ ਲਈ ਕਾਨੂੰਨੀ ਲੜਾਈ ਲੜਨ ਵਾਲੇ ਉੱਘੇ ਵਕੀਲ ਐੱਚਐੱਸ ਫੂਲਕਾ ਗੁਰੂ ਦਾ ਸ਼ੁਕਰਾਨਾ ਕਰਨ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਦਿੱਲੀ ਦੀ ਮਾਣਯੋਗ ਅਦਾਲਤ ਨੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ
ਸਾਬਕਾ ਵਿਧਾਇਕ ਅਤੇ ਉੱਘੇ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ ਚਾਹੇ 40 ਸਾਲ ਦਾ ਲੰਬਾ ਸਮਾਂ ਲੱਗਿਆ ਪਰ ਆਖਿਰ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੈਨੂੰ ਆਸ ਹੈ ਕਿ 18 ਫਰਵਰੀ ਨੂੰ ਅਦਾਲਤ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾਏਗੀ, ਜਿਸ ਨਾਲ ਸਿੱਖ ਕੌਮ ਦੇ ਜ਼ਖ਼ਮਾਂ 'ਤੇ ਮੱਲ੍ਹਮ ਲੱਗੇਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਬੇ ਅਰਸੇ ਦੌਰਾਨ ਗਵਾਹਾਂ ਨੂੰ ਧਮਕਾਇਆ ਜਾ ਰਿਹਾ ਸੀ, ਵੱਡੇ-ਵੱਡੇ ਲਾਲਚ ਦਿੱਤੇ ਗਏ। ਪਰ ਸ਼ਹਾਦਤਾਂ ਅਤੇ ਕੁਰਬਾਨੀਆਂ ਦੇਣ ਵਾਲੇ ਸਿੱਖ ਕੌਮ ਆਖਿਰਕਾਰ ਇਨਸਾਫ ਲੈਣ ਦੇ ਵਿੱਚ ਕਾਮਯਾਬ ਹੋਈ ਹੈ।
ਮੁਲਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ
ਵਕੀਲ ਫੂਲਕਾ ਨੇ ਕਿਹਾ ਕਿ ਜੋ ਸਬੂਤ ਅਦਾਲਤ ਵਿੱਚ ਪੇਸ਼ ਹੋਏ ਉਸ ਵਿੱਚ ਪੁਲਿਸ ਨੇ ਛੇੜਛਾੜ ਸੀ ਤੇ ਉਹ ਮੁਲਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਸੀ, ਪਰ ਅਸੀਂ ਹਾਰ ਨਹੀਂ ਮੰਨੀ ਜਿਸ ਕਰਕੇ ਸਾਡੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਪਾਵਰ ਵਿੱਚ ਹਨ, ਉਨ੍ਹਾਂ ਦੇ ਦਿਲਾਂ ਵਿੱਚ ਕਾਨੂੰਨ ਦਾ ਡਰ ਪਾਉਣਾ ਬਹੁਤ ਜ਼ਰੂਰੀ ਹੈ।
ਪਿਓ-ਪੁੱਤ ਦੇ ਕਤਲ ਨਾਲ ਸਬੰਧਿਤ ਹੈ ਮਾਮਲਾ
ਇਹ ਮਾਮਲਾ 1 ਨਵੰਬਰ 1984 ਨੂੰ ਦਿੱਲੀ ਦੇ ਸਰਸਵਤੀ ਵਿਹਾਰ ਇਲਾਕੇ ਵਿੱਚ ਇੱਕ ਸਿੱਖ ਪਿਓ-ਪੁੱਤ ਦੇ ਕਤਲ ਨਾਲ ਸਬੰਧਤ ਹੈ। ਇਸ ਮਾਮਲੇ 'ਚ ਸੱਜਣ ਕੁਮਾਰ 'ਤੇ ਭੀੜ ਦੀ ਅਗਵਾਈ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਉਸ ਦੇ ਉਕਸਾਉਣ 'ਤੇ ਭੀੜ ਨੇ ਦੋ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਇਸ ਤੋਂ ਬਾਅਦ ਪੀੜਤਾਂ ਦੇ ਘਰ ਲੁੱਟਮਾਰ ਕੀਤੀ ਗਈ ਅਤੇ ਘਰ ਵਿੱਚ ਮੌਜੂਦ ਹੋਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ। 1 ਨਵੰਬਰ 1984 ਨੂੰ ਜਸਵੰਤ ਸਿੰਘ ਅਤੇ ਉਸ ਦੇ ਪੁੱਤਰ ਤਰਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਪੰਜਾਬੀ ਬਾਗ ਪੁਲਿਸ ਨੇ ਇਹ ਕੇਸ ਦਰਜ ਕਰ ਲਿਆ ਸੀ ਪਰ ਬਾਅਦ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ। 16 ਦਸੰਬਰ, 2021 ਨੂੰ, ਅਦਾਲਤ ਨੇ ਕੁਮਾਰ ਵਿਰੁੱਧ ਦੋਸ਼ ਆਇਦ ਕੀਤੇ ਅਤੇ ਉਸ ਦੇ ਖਿਲਾਫ ਪਹਿਲੀ ਨਜ਼ਰੇ ਕੇਸ ਪਾਇਆ। ਇਸ ਕੇਸ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਦੋਸ਼ ਲਾਇਆ ਸੀ ਕਿ ਭੀੜ ਨੇ ਸ਼ਿਕਾਇਤਕਰਤਾ ਜਸਵੰਤ ਦੀ ਪਤਨੀ ਦੇ ਘਰ 'ਤੇ ਹਮਲਾ ਕੀਤਾ ਸੀ। ਉਸ ਦੇ ਪਤੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦਾ ਸਮਾਨ ਲੁੱਟ ਲਿਆ ਗਿਆ। ਇਸ ਤੋਂ ਬਾਅਦ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ।