ਅੰਮ੍ਰਿਤਸਰ: ਥਾਣਾ ਸਦਰ ਵਿਖੇ ਡਿਊਟੀ 'ਤੇ ਤੈਨਾਤ ਏਐੱਸਆਈ ਗੁਰਨਾਮ ਸਿੰਘ ਨੇ ਆਪਣੇ ਆਪਣੇ ਥਾਣਾ ਇੰਚਾਰਜ ਉੱਤੇ ਵੱਡੇ ਇਲਜ਼ਾਮ ਲਗਾਏ ਹਨ। ਏਐੱਸਆਈ ਗੁਰਨਾਮ ਸਿੰਘ ਨੇ ਕਿਹਾ ਕਿ ਡਿਊਟੀ ਦੌਰਾਨ ਉਸ ਨਾਲ ਬਦਸ਼ਲੂਕੀ ਕੀਤੀ ਗਈ ਹੈ। ਥਾਣਾ ਸਦਰ ਦੇ ਪੁਲਿਸ ਮੁਖੀ ਹਰਿੰਦਰ ਸਿੰਘ ਅਤੇ ਉਨ੍ਹਾਂ ਦੇ ਗੰਨਮੈਨ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ ਤੇ ਮੇਰੀ ਕੁੱਟਮਾਰ ਕੀਤੀ ਹੈ। ਇਸ ਪੂਰੇ ਮਾਮਲੇ ਦੀ ਵੀਡੀਓ ਵੀ ਸੀਸੀਟੀਵੀ ਵਿੱਚ ਕੈਦ ਹੋਈ ਹੈ। ਏਐੱਸਆਈ ਗੁਰਨਾਮ ਸਿੰਘ ਆਪਣੇ ਨਾਲ ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਨੂੰ ਲੈ ਕੇ ਥਾਣੇ ਪਹੁੰਚਿਆ, ਜਿਥੇ ਉਸ ਨੇ ਥਾਣੇ ਬਾਹਰ ਧਰਨਾ ਲਗਾ ਲਿਆ।
‘ਪ੍ਰਾਈਵੇਟ ਗੰਨਮੈਨਾਂ ਨੇ ਮੇਰੇ ਉੱਤੇ ਕੀਤਾ ਹਮਲਾ’
ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸਦੀ ਡਿਊਟੀ ਥਾਣਾ ਮੁਖੀ ਨੇ ਨਾਕੇ 'ਤੇ ਲਗਾਈ ਸੀ, ਜਦਕਿ ਉਹ ਖੁਦ ਇੱਥੋਂ ਦਾ ਡਿਊਟੀ ਇੰਚਾਰਜ ਹੈ। ਜਦੋਂ ਮੈਂ ਉਨ੍ਹਾਂ ਨੂੰ ਕਿਹਾ ਕਿ ਮੇਰੀ ਡਿਊਟੀ ਅੱਗੇ ਹੀ ਸਪੈਸ਼ਲ ਅਫਸਰ ਦੇ ਤੌਰ 'ਤੇ ਇੱਥੇ ਲਗਾਈ ਗਈ ਹੈ ਤਾਂ ਉਸ ਨੇ ਮੇਰੇ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ ਇੰਚਾਰਜ ਵੱਲੋਂ ਰੱਖੇ ਗਏ ਨਿੱਜੀ ਗੰਨਮੈਨਾਂ ਨੇ ਵੀ ਮੇਰੇ ਨਾਲ ਕੁੱਟਮਾਰ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਸੀਨੀਅਰ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਡਿਊਟੀ ਦੌਰਾਨ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਵਰਦੀ ਤੱਕ ਪਾੜੀ ਗਈ ਹੈ। ਏਐੱਸਆਈ ਨੇ ਕਿਹਾ ਕਿ ਮੇਰੇ ਉੱਤੇ ਸ਼ਰਾਬ ਪੀਕੇ ਡਿਊਟੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਜਦਕਿ ਮੈਂ ਸ਼ਰਾਬ ਪੀਂਦਾ ਹੀ ਨਹੀਂ ਹਾਂ।
ਇਸ ਮੌਕੇ ਥਾਣਾ ਸਦਰ ਦੇ ਮੁਖੀ ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਿਰਫ ਏਐੱਸਆਈ ਗੁਰਨਾਮ ਸਿੰਘ ਦੀ ਨਾਕੇ ਉੱਤੇ ਡਿਊਟੀ ਲਗਾਈ ਸੀ, ਪਰ ਉਹ ਨਾਕੇ ਉੱਤੇ ਡਿਊੂਟੀ ਨਹੀਂ ਕਰਨਾ ਚਾਹੁੰਦਾ ਸੀ, ਜਿਸ ਕਾਰਨ ਹੁਣ ਸਾਡੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।