ਲੁਧਿਆਣਾ: ਲੁਧਿਆਣਾ ਦੇ ਮਸ਼ਹੂਰ ਰੀਅਲ ਸਟੇਟ ਕਾਰੋਬਾਰੀ ਗੁਲਸ਼ਨ ਕੁਮਾਰ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਇੱਕ ਸ਼ਖਸ ਦੇ ਨਾਲ ਝਗੜਦੇ ਵਿਖਾਈ ਦੇ ਰਹੇ ਹਨ। ਸ਼ਖਸ ਨੇ ਇਲਜ਼ਾਮ ਲਗਾਏ ਹਨ ਕਿ ਉਸ ਨੇ 122 ਗਜ ਦਾ ਪਲਾਟ ਲਿਆ ਸੀ। ਜਿਸ ਦੇ ਸਾਰੇ ਪੈਸੇ ਦੇ ਦਿੱਤੇ ਹਨ ਪਰ ਉਸਦਾ ਪਲਾਟ 11 ਗਜ ਘੱਟ ਨਿਕਲਿਆ। ਇਸ ਮਾਮਲੇ ਸਬੰਧੀ ਪਲਾਟ ਖਰੀਦਣ ਵਾਲਾ ਵਿਅਕਤੀ ਗੁਲਸ਼ਨ ਕੁਮਾਰ ਦੇ ਦਫਤਰ ਪਹੁੰਚਿਆ ਤਾਂ ਜੰਮਕੇ ਹੰਗਾਮਾ ਹੋਇਆ। ਜਿਸ ਨੂੰ ਲੈ ਕੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਗਈ ਹੈ। ਅੱਜ 3 ਵਜੇ ਮਿਰਾਡੋ ਪੁਲਿਸ ਚੌਂਕੀ ਨੇ ਦੋਵਾਂ ਧਿਰਾਂ ਨੂੰ ਬੁਲਾਇਆ ਪਰ ਗੁਲਸ਼ਨ ਕੁਮਾਰ ਨਹੀਂ ਪਹੁੰਚੇ ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਦੇ ਦਫਤਰ ਪਹੁੰਚ ਗਈ।
ਗੁਲਸ਼ਨ ਦੇ ਬੇਟੇ ਨੇ ਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ
ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਹੰਗਾਮਾ ਹੋ ਗਿਆ। ਗੁਲਸ਼ਨ ਕੁਮਾਰ ਦੇ ਪੁੱਤਰ ਰੋਹਿਤ ਕੁਮਾਰ ਨੇ ਪੁਲਿਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਿਸ ਉੱਤੇ ਪੁਲਿਸ ਨੇ ਇਤਰਾਜ਼ ਜਤਾਇਆ। ਪੁਲਿਸ ਨੇ ਕਿਹਾ ਕਿ ਗੁਲਸ਼ਨ ਕੁਮਾਰ ਨੂੰ ਉਹ ਪੁੱਛਣ ਲਈ ਆਏ ਸਨ ਪਰ ਉਸ ਦੇ ਪੁੱਤਰ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੇ ਨਾਲ ਬਦਸਲੂਕੀ ਕੀਤੀ। ਗੁਲਸ਼ਨ ਕੁਮਾਰ ਨੂੰ 3 ਵਜੇ ਦਾ ਟਾਈਮ ਦਿੱਤਾ ਗਿਆ ਸੀ, ਪਰ ਉਹ ਪੁਲਿਸ ਸਟੇਸ਼ਨ ਪੇਸ਼ ਹੋਣ ਲਈ ਨਹੀਂ ਆਏ, ਜਿਸ ਕਰਕੇ ਪੁਲਿਸ ਨੂੰ ਮੌਕੇ ਉੱਤੇ ਆਉਣਾ ਪਿਆ। ਚੌਂਕੀ ਇੰਚਾਰਜ ਨੇ ਕਿਹਾ ਕਿ ਸਾਨੂੰ ਦੂਜੀ ਧਿਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਨ੍ਹਾਂ ਦਾ ਪਲਾਟ ਘੱਟ ਹੈ, ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ।
ਹਾਲਾਂਕਿ ਇਸ ਸਬੰਧੀ ਗੁਲਸ਼ਨ ਕੁਮਾਰ ਅਤੇ ਉਸ ਦੇ ਪੁੱਤਰ ਨੇ ਸਫਾਈ ਦਿੰਦੇ ਹੋਏ ਕਿਹਾ ਕਿ "ਪੁਲਿਸ ਸਾਡੇ ਦਫਤਰ ਦੇ ਵਿੱਚ ਬਿਨਾਂ ਕਿਸੇ ਸਰਚ ਅਤੇ ਅਰੈਸਟ ਵਰੰਟ ਤੋਂ ਆ ਕੇ ਦਾਖਲ ਹੋ ਗਈ ਅਤੇ ਦਫਤਰ ਦੇ ਵਿੱਚ ਆ ਕੇ ਛਾਪੇਮਾਰੀ ਕਰਨ ਲੱਗੀ ਅਤੇ ਅਸੀਂ ਉਸ ਦੀ ਵੀਡੀਓ ਬਣਾਈ ਤਾਂ ਸਾਡੇ ਨਾਲ ਹੀ ਪੁਲਿਸ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਗੁਲਸ਼ਨ ਕੁਮਾਰ ਨੇ ਕਿਹਾ ਕਿ ਬੀਤੇ ਦਿਨ ਜਦੋਂ ਉਹ ਦਫਤਰ ਬੈਠੇ ਸੀ ਤਾਂ ਕੁਝ ਲੋਕਾਂ ਵੱਲੋਂ ਆ ਕੇ ਉਸ ਨਾਲ ਬਦਸਲੂਕੀ ਕੀਤੀ ਗਈ।"