ਤਰਨ ਤਾਰਨ: ਬੀਤੇ ਦਿਨੀਂ ਤਰਨ ਤਾਰਨ ਦੇ ਪਿੰਡ ਸਭਰਾ ਵਿਖੇ ਰੇਤੇ ਦੀ ਨਜਾਇਜ਼ ਖੱਡ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ। ਇਸ ਮੌਕੇ ਕਿਸਾਨਾਂ ਨੇ ਏਕਤਾ ਦਾ ਨਾਅਰਾ ਲਾਇਆ ਅਤੇ ਨਾਲ ਹੀ ਪ੍ਰਸ਼ਾਸਨ ਖਿਲਾਫ ਮੁਰਦਾਬਾਦ ਦੇ ਨਾਅਰੇ ਵੀ ਲਾਏ। ਪੁਲਿਸ ਹਿਰਾਸਤ ਵਿੱਚੋਂ ਬਾਹਰ ਆਏ ਕਿਸਾਨਾਂ ਨੇ ਕਿਹਾ ਕਿ ਅੱਜ ਦੀ ਕਾਰਵਾਈ ਤੋਂ ਸਿੱਧ ਹੁੰਦਾ ਹੈ ਕਿ ਏਕੇ 'ਚ ਬਹੁਤ ਵੱਡਾ ਬੱਲ ਹੈ, ਇਸ ਲਈ ਇੱਕਜੁਟ ਹੋ ਕੇ ਰਹੋ।
ਫੁੱਲਾਂ ਦੇ ਹਾਰ ਪਾਕੇ ਕਿਸਾਨਾਂ ਦਾ ਸਵਾਗਤ
ਦੱਸ ਦਈਏ ਕਿ ਕਿਸਾਨਾਂ ਦੀ ਰਿਹਾਈ ਮੌਕੇ ਵੱਡੇ ਪੱਧਰ 'ਤੇ ਪਿੰਡ ਵਾਸੀ ਅਤੇ ਕਿਸਾਨ ਮੌਜੂਦ ਰਹੇ ਅਤੇ ਉਨ੍ਹਾਂ ਨੇ ਜੇਲ੍ਹ ਵਿੱਚੋਂ ਬਾਹਰ ਆਏ ਕਿਸਾਨਾਂ ਅਤੇ ਮਜ਼ਦੂਰਾਂ ਦਾ ਫੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਸਮੁੱਚੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਅਤੇ ਇਸ ਮਾਮਲੇ ਵਿੱਚ ਕਿਸਾਨਾਂ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ।
ਇੱਕਜੁੱਟਤਾ ਨਾਲ ਹੋਈ ਜਿੱਤ
ਆਗੂਆਂ ਨੇ ਕਿਹਾ ਕਿ ਦਿਨ ਰਾਤ ਹੋ ਰਹੀ ਮਾਈਨਿੰਗ ਤੋਂ ਅੱਕ ਕੇ ਕਿਸਾਨਾਂ ਨੇ ਇਸ ਦੇ ਖ਼ਿਲਾਫ ਮੋਰਚਾ ਖੋਲ੍ਹਿਆ ਸੀ ਅਤੇ ਨਤੀਜੇ ਵੱਜੋਂ ਉਨ੍ਹਾਂ ਨੂੰ ਡੰਡੇ ਮਾਰੇ ਗਏ। ਉਨ੍ਹਾਂ ਕਿਹਾ ਕਿ ਇਸ ਜ਼ਮੀਨ 'ਤੇ ਮਿੱਟੀ ਪੁੱਟਣ ਵਾਲਿਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਅਤੇ ਪਿੰਡ ਵਾਸੀਆਂ ਨੇ ਜੋ ਇੱਕਜੁਟਤਾ ਦਿਖਾਈ ਹੈ ਇਸ ਦਾ ਹੀ ਨਤੀਜਾ ਹੈ ਕਿ ਅੱਜ ਵੱਡੇ ਪੱਧਰ 'ਤੇ ਕਿਸਾਨਾਂ ਨੂੰ ਪੁਲਿਸ ਨੇ ਬਿਨਾਂ ਸ਼ਰਤ ਦੇ ਰਿਹਾਅ ਕੀਤਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ 14 ਫਰਵਰੀ ਨੂੰ ਪ੍ਰਸ਼ਾਸਨ ਨਾਲ ਮੁੜ ਤੋਂ ਮੀਟਿੰਗ ਹੋਵੇਗੀ, ਇਸ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।