ਚੰਡੀਗੜ੍ਹ:ਦਿਲ ਲੂਮੀਨਾਟੀ ਟੂਰ ਨੂੰ ਲੈ ਦੁਨੀਆ ਭਰ ਵਿੱਚ ਚਰਚਾ, ਸਫ਼ਲਤਾ ਅਤੇ ਸਲਾਹੁਤਾ ਹਾਸਿਲ ਕਰ ਰਹੇ ਦਿਲਜੀਤ ਦੁਸਾਂਝ ਨੂੰ ਚੰਡੀਗੜ੍ਹ ਸ਼ਰਤਾਂ ਅਧੀਨ ਸ਼ੋਅ ਕਰਨਾ ਰਾਸ ਨਹੀਂ ਆਇਆ ਅਤੇ ਇਸੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਧਰਲੇ ਪਾਸੇ ਕੰਸਰਟ ਨਾ ਕਰਨ ਦੇ ਲਏ ਫੈਸਲੇ ਨੇ ਗਾਇਕੀ ਸ਼ੋਅ ਫੀਲਡ ਵਿਚਲੀਆਂ ਪ੍ਰਸਾਸ਼ਨਿਕ ਕਮੀਆਂ ਨੂੰ ਵੀ ਭਲੀਭਾਂਤ ਉਜਾਗਰ ਕਰ ਦਿੱਤਾ ਹੈ, ਜਿਸ ਦੇ ਚੱਲਦਿਆਂ ਬਦਲ ਰਹੀ ਇੰਨ੍ਹਾਂ ਕੰਸਰਟ ਦ੍ਰਿਸ਼ਾਂਵਲੀ ਨੂੰ ਭਾਂਪਦਿਆਂ ਇੰਟਰਨੈਸ਼ਨਲ ਗਾਇਕ ਟ੍ਰਾਈਸਿਟੀ 'ਚ ਸ਼ੋਅਜ ਕਰਨ ਤੋਂ ਦੂਰੀ ਬਣਾਉਂਦੇ ਨਜ਼ਰੀ ਆਉਣ ਲੱਗੇ ਹਨ।
ਉਕਤ ਸੰਬੰਧਤ ਸ਼ੋਅਜ਼ ਕਰਵਾਉਣ ਵਾਲੀਆਂ ਕੁਝ ਪ੍ਰਬੰਧਨ ਟੀਮਾਂ ਦੇ ਸਾਹਮਣੇ ਆਈ ਪ੍ਰਤੀਕਿਰਿਆਵਾਂ ਅਨੁਸਾਰ ਕੰਸਰਟ ਲਈ ਐਨਓਸੀ ਅਤੇ ਅਗਾਊਂ ਮਨਜ਼ੂਰੀ ਆਦਿ ਦੇਣ ਲਈ ਬਹੁਤੇ ਵਿਭਾਗ ਕਥਿਤ ਰੂਪ ਵਿੱਚ ਪਰਮਿਟ ਜਾਰੀ ਕਰਨ ਦੀ ਆਖ਼ਰੀ ਤਰੀਕ ਤੱਕ ਉਨ੍ਹਾਂ ਨੂੰ ਲਟਕਾਂਉਦੇ ਰਹਿੰਦੇ ਹਨ ਤਾਂ ਜੋ ਜਿਆਦਾ ਤੋਂ ਜਿਆਦਾ ਮੁਫ਼ਤ ਪਾਸ ਦਿਵਾਉਣ ਲਈ ਜ਼ੋਰ ਪਾਇਆ ਜਾ ਸਕੇ।
ਇਸੇ ਅਧੀਨ ਇਹ ਵੀ ਜਾਣਕਾਰੀ ਭਰੋਸੇਯੋਗ ਸੂਤਰਾਂ ਤੋਂ ਸਾਹਮਣੇ ਆਈ ਹੈ ਕਿ ਦਿਲਜੀਤ ਦੁਸਾਂਝ ਦੇ ਉਕਤ ਸ਼ੋਅ ਲਈ ਪੰਜ ਹਜ਼ਾਰ ਪਾਸ ਦੀ ਮੰਗ ਸੰਬੰਧਤ ਪ੍ਰਬੰਧਨ ਟੀਮ ਪਾਸੋਂ ਕੀਤੀ ਗਈ। ਇਸ ਤੋਂ ਇਲਾਵਾ ਪ੍ਰਸਾਸ਼ਨਿਕ ਅਧਿਕਾਰੀਆਂ ਅਤੇ ਸੁਰੱਖਿਆ ਅਮਲੇ ਵੱਲੋਂ ਵੀ ਕਥਿਤ ਤੌਰ ਉਤੇ ਅਪਣੇ ਚਹੇਤਿਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਬਿਨ੍ਹਾਂ ਟਿਕਟਾਂ ਜਾਂ ਪਾਸਾਂ ਦੇ ਅੰਦਰ ਦਾਖ਼ਲ ਕਰਵਾਇਆ ਗਿਆ, ਜਿਸ ਕਾਰਨ ਵਧੀ ਦਰਸ਼ਕ ਤਾਦਾਦ ਨੇ ਅਸਲ ਰੂਪ ਵਿੱਚ ਮਹਿੰਗੇ ਭਾਅ ਟਿਕਟਾਂ ਲੈਣ ਵਾਲਿਆ ਨੂੰ ਵੀ ਕੰਸਰਟ ਤੋਂ ਵਾਂਝਿਆ ਕਰ ਦਿੱਤਾ, ਜੋ ਬੇਪਨਾਹ ਭੀੜ ਕਾਰਨ ਸ਼ੋਅ ਸਥਲ ਅੰਦਰ ਦਾਖ਼ਲ ਹੀ ਨਹੀਂ ਹੋ ਸਕੇ।