ਚੰਡੀਗੜ੍ਹ:ਬਟਵਾਰੇ ਦੇ ਦਰਦ ਨੂੰ ਬਿਆਨ ਕਰਦੀ ਅਤੇ ਰਿਲੀਜ਼ ਲਈ ਤਿਆਰ ਪੰਜਾਬੀ ਫਿਲਮ 'ਸਾਂਝਾ ਪੰਜਾਬ' ਦਾ ਟਾਈਟਲ ਗੀਤ 'ਸਾਂਝਾਂ' ਕੱਲ੍ਹ (18 ਜੂਨ) ਈਦ ਮੌਕੇ ਸ਼ਾਮੀ 6.00 ਵਜੇ ਵਰਲਡ ਵਾਈਡ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨੂੰ ਉਭਰਦੇ ਅਤੇ ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਨੌਜਵਾਨ ਗਾਇਕ ਦਰਸ਼ਨਜੀਤ ਵੱਲੋਂ ਅਪਣੀ ਅਵਾਜ਼ ਦਿੱਤੀ ਗਈ ਹੈ।
ਪੰਜਾਬੀ ਫਿਲਮਾਂ ਦੇ ਕਾਮੇਡੀ ਕਿੰਗ ਮੰਨੇ ਜਾਂਦੇ ਗੁਰਚੇਤ ਚਿੱਤਰਕਾਰ ਵੱਲੋਂ ਪੇਸ਼ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਬਿਕਰਮ ਗਿੱਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਫਿਲਮਾਂ ਦਾ ਨਿਰਦੇਸ਼ਨ ਕਰ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣੀ ਉਕਤ ਅਰਥ-ਭਰਪੂਰ ਫਿਲਮ ਦੇ ਸਾਹਮਣੇ ਆਉਣ ਜਾ ਰਹੇ ਗਾਣੇ ਦੇ ਅਲਫਾਜ਼ ਵੀ ਬਹੁਤ ਭਾਵਪੂਰਨ ਰਚੇ ਗਏ ਹਨ, ਜਿੰਨ੍ਹਾਂ ਦੀ ਸ਼ਬਦ ਸਿਰਜਨਾ ਗਾਮਾ ਸਿੱਧੂ ਨੇ ਕੀਤੀ ਹੈ।
ਇਸੇ ਗਾਣੇ ਸੰਬੰਧੀ ਹੋਰ ਜਾਣਕਾਰੀ ਸਾਂਝੇ ਕਰਦਿਆਂ ਗਾਇਕ ਦਰਸ਼ਨਜੀਤ ਨੇ ਦੱਸਿਆ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਮਸ਼ਹੂਰ ਚਿਹਰਿਆਂ ਨੂੰ ਲੈ ਕੇ ਬਣਾਈ ਗਈ ਇਸ ਫਿਲਮ ਦਾ ਜਾਰੀ ਹੋਣ ਜਾ ਰਿਹਾ ਇਹ ਟਾਈਟਲ ਗੀਤ ਅੱਜ ਦਹਾਕਿਆਂ ਬਾਅਦ ਵੀ ਵਿਛੋੜੇ ਦਾ ਦਰਦ ਹੰਢਾ ਰਹੇ ਉਨ੍ਹਾਂ ਲੋਕਾਂ ਦੀ ਗੱਲ ਕਰਦਾ ਹੈ ਜੋ ਉੱਜੜ ਤਾਂ ਗਏ ਪਰ ਉਨ੍ਹਾਂ ਦੀਆਂ ਸੋਚਾਂ 'ਚੋਂ ਅਪਣੀ ਜੰਮਣ ਭੋਇੰ ਨਹੀਂ ਨਿਕਲੀ, ਜਿਸ ਕਾਰਨ ਬਟਵਾਰੇ ਦੌਰਾਨ ਮਿਲੇ ਅਪਣੇ ਜਖ਼ਮਾਂ ਨੂੰ ਉਹ ਹੁਣ ਵੀ ਤਾਜ਼ਾ ਫੱਟਾ ਵਾਂਗ ਮਹਿਸੂਸ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੁਣ ਤੱਕ ਦੇ ਗਾਇਕੀ ਕਰੀਅਰ ਦੇ ਇੱਕ ਹੋਰ ਬਿਹਤਰੀਨ ਅਤੇ ਦਿਲ ਟੁੰਬਵਾਂ ਸੰਗੀਤ ਲੰਕੇਸ਼ ਕਮਲ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਝੰਜੋੜ ਕੇ ਰੱਖ ਦੇਵੇਗਾ।
ਗਾਇਕ ਦਰਸ਼ਨਜੀਤ ਅਨੁਸਾਰ ਦੋਹਾਂ ਪੰਜਾਬਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿੱਚ ਪਾਕਿਸਤਾਨ ਸਿਨੇਮਾ ਅਤੇ ਕਲਾ ਖੇਤਰ ਨਾਲ ਜੁੜੇ ਮਸ਼ਹੂਰ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਓਧਰ ਫਿਲਮ ਦੇ ਨਿਰਮਾਤਾ ਗੁਰਚੇਤ ਚਿੱਤਰਕਾਰ ਜੋ ਇਸ ਫਿਲਮ ਵਿੱਚ ਲੀਡ ਭੂਮਿਕਾ ਵੀ ਅਦਾ ਕਰ ਰਹੇ ਹਨ, ਅਨੁਸਾਰ ਚੜ੍ਹਦੇ ਪੰਜਾਬ ਦੀ ਇਹ ਪਹਿਲੀ ਐਸੀ ਪੰਜਾਬੀ ਫਿਲਮ ਹੈ, ਜੋ ਪਾਕਿਸਤਾਨ ਦੇ ਪਿੰਡਾਂ-ਬੰਨਿਆਂ ਅਤੇ ਖੇਤਾਂ-ਖਲਿਹਾਣਾ 'ਚ ਫਿਲਮਾਈ ਗਈ ਹੈ ਤਾਂ ਜੋ ਦੋਹਾਂ ਪੰਜਾਬਾਂ ਦੇ ਲੋਕ ਅਪਣੀਆਂ ਪੁਰਾਣੀਆਂ ਸਾਂਝਾਂ ਦੀ ਅਪੱਣਤਵ ਅਤੇ ਜਨਮ ਮਿੱਟੀ ਨਾਲ ਜੁੜੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਸਕਣ।