ਰੋਹਤਕ/ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਨੂੰ ਮੁੜ ਪੈਰੋਲ ਮਿਲੀ। ਪ੍ਰਸ਼ਾਸਨ ਨੇ ਅੱਜ ਸਵੇਰੇ 5:26 ਵਜੇ ਗੁਪਤ ਤਰੀਕੇ ਨਾਲ ਉਸ ਨੂੰ ਜੇਲ੍ਹ ਤੋਂ ਬਾਹਰ ਕੱਢਿਆ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਗੁਰਮੀਤ ਰਾਮ ਰਹੀਮ ਸਿਰਸਾ ਡੇਰੇ 'ਚ ਹੀ ਰਹੇਗਾ। ਸਾਲ 2017 ਤੋਂ ਬਾਅਦ ਗੁਰਮੀਤ ਰਾਮ ਰਹੀਮ 12ਵੀਂ ਵਾਰ ਸਖ਼ਤ ਸੁਰੱਖਿਆ ਹੇਠ ਜੇਲ੍ਹ ਤੋਂ ਬਾਹਰ ਆਇਆ ਹੈ।
ਸਾਲ 2025 ਦੀ ਪਹਿਲੀ ਪੈਰੋਲ
ਰਾਮ ਰਹੀਮ ਨੂੰ ਮੁੜ 30 ਦਿਨਾਂ ਦੀ ਪੈਰੋਲ ਮਿਲੀ ਹੈ। ਸਖ਼ਤ ਸੁਰੱਖਿਆ ਹੇਠ ਅੱਜ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਗਿਆ ਹੈ। ਡੇਰਾ ਮੁਖੀ ਰਾਮ ਰਹੀਮ ਵਲੋਂ 45 ਦਿਨਾਂ ਦੀ ਪੈਰੋਲ ਮੰਗੀ ਗਈ ਸੀ, ਪਰ ਉਸ ਨੂੰ 30 ਦਿਨਾਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ 10 ਦਿਨਾਂ ਤੱਕ ਸਿਰਸਾ ਡੇਰੇ 'ਚ ਰਹੇਗਾ, ਜਿਸ ਤੋਂ ਬਾਅਦ ਉਹ ਸਿੱਧੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਜਾਵੇਗਾ ਅਤੇ 20 ਦਿਨ ਉੱਥੇ ਹੀ ਰਹੇਗਾ। ਸਾਲ 2017 ਤੋਂ ਬਾਅਦ ਪਹਿਲੀ ਵਾਰ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਸਿਰਸਾ ਡੇਰੇ 'ਚ ਜਾਣ ਦੀ ਇਜਾਜ਼ਤ ਦਿੱਤੀ ਹੈ।
ਪ੍ਰੇਮੀਆਂ ਨੂੰ ਪਹਿਲਾ ਸੰਦੇਸ਼ ਜਾਰੀ- ਡੇਰੇ ਕੋਈ ਨਾ ਆਵੇ
ਸਿਰਸਾ ਡੇਰੇ ਵਿੱਚ ਪਹੁੰਚਣ ਤੋਂ ਬਾਅਦ ਰਾਮ ਰਹੀਮ ਨੇ ਇੱਕ ਵੀਡੀਓ ਜਾਰੀ ਕਰਕੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ। ਰਾਮ ਰਹੀਮ ਨੇ ਕਿਹਾ ਹੈ ਕਿ, 'ਉਹ ਸਿਰਸਾ ਡੇਰੇ ਪਹੁੰਚ ਗਿਆ ਹੈ। ਸਾਰੇ ਆਪਣੇ ਘਰਾਂ ਵਿੱਚ ਰਹਿਣ। ਸਿਰਸਾ ਡੇਰਾ ਸੱਚਾ ਸੌਦਾ ਵਿਖੇ ਨਾ ਆਓ। ਜਿਵੇਂ ਸੇਵਾਦਾਰ ਤੁਹਾਨੂੰ ਕਹਿਣਗੇ, ਉਸ ਉੱਤੇ ਅਮਲ ਕਰਨਾ ਹੋਵੇਗਾ।'
ਇਸ ਤੋਂ ਪਹਿਲਾਂ 11 ਵਾਰ ਮਿਲ ਚੁੱਕੀ ਪੈਰੋਲ
ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ ਕਾਰਨ ਸੂਬਾ ਸਰਕਾਰ 'ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਤੇ ਹਾਈਕੋਰਟ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਬਿਨਾਂ ਇਜਾਜ਼ਤ ਦੇ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ। ਬਾਅਦ ਵਿੱਚ ਹਾਈ ਕੋਰਟ ਨੇ ਵੀ ਪੈਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ’ਤੇ ਛੱਡ ਦਿੱਤੀ ਸੀ। ਇਸ ਵਾਰ ਰਾਮ ਰਹੀਮ ਨੂੰ 12ਵੀਂ ਵਾਰ ਪੈਰੋਲ ਮਿਲੀ ਹੈ।
ਸਾਲ 2017 ਤੋਂ ਜੇਲ੍ਹ ਵਿੱਚ ਰਾਮ ਰਹੀਮ
ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ ਵਿੱਚ ਹੋਈ ਹਿੰਸਾ ਤੋਂ ਬਾਅਦ ਸੁਨਾਰੀਆ ਦੀ ਰੋਹਤਕ ਜੇਲ੍ਹ ਵਿੱਚ ਲਿਆਂਦਾ ਗਿਆ ਸੀ। ਬਾਅਦ ਵਿੱਚ ਸੀਬੀਆਈ ਅਦਾਲਤ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਜੇਲ੍ਹ ਵਿੱਚ ਅਦਾਲਤ ਦੀ ਸਥਾਪਨਾ ਕੀਤੀ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦੋ ਸਾਧਵੀਆਂ ਨੂੰ 10-10 ਸਾਲ ਦੀ ਸਜ਼ਾ ਸੁਣਾਈ। ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ।