ਮੁੰਬਈ: ਮਸ਼ਹੂਰ ਪਾਲੀਵੁੱਡ-ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ ਨੇ ਕਪਿਲ ਸ਼ਰਮਾ ਦੇ ਸ਼ੋਅ 'ਚ 'ਭੂਆ ਜੀ' ਦਾ ਕਿਰਦਾਰ ਨਿਭਾ ਕੇ ਪ੍ਰਸ਼ੰਸਕਾਂ ਦਾ ਖੂਬ ਦਿਲ ਜਿੱਤਿਆ ਹੈ। ਇੱਕ ਸਮਾਂ ਸੀ ਜਦੋਂ ਕਪਿਲ ਦੇ ਸ਼ੋਅ ਵਿੱਚ ਉਸਦੀ ਐਂਟਰੀ ਨੂੰ ਲੋਕ ਬਹੁਤ ਜਿਆਦਾ ਪਸੰਦ ਕਰਿਆ ਕਰਦੇ ਸਨ।
ਉਪਾਸਨਾ ਸਿੰਘ ਨੇ ਪੰਜਾਬੀ ਫਿਲਮਾਂ ਤੋਂ ਲੈ ਕੇ, ਹਿੰਦੀ ਸੀਰੀਅਲ ਅਤੇ ਬਾਲੀਵੁੱਡ ਵਿੱਚ ਕੰਮ ਕੀਤਾ ਹੈ। ਅਦਾਕਾਰਾ ਨੇ 'ਜੁਦਾਈ', 'ਮੈਂ ਪ੍ਰੇਮ ਕੀ ਦੀਵਾਨੀ ਹੂੰ' ਅਤੇ 'ਕਾਮੇਡੀ ਨਾਈਟਸ ਵਿਦ ਕਪਿਲ' ਵਰਗੇ ਵੱਡੇ ਪ੍ਰੋਜੈਕਟਾਂ 'ਤੇ ਕੰਮ ਕਰਕੇ ਫਿਲਮ ਇੰਡਸਟਰੀ 'ਚ ਇੱਕ ਵੱਖਰੀ ਪਛਾਣ ਬਣਾਈ ਹੈ। ਇੰਨੇ ਵੱਡੇ ਅਹੁਦੇ 'ਤੇ ਪਹੁੰਚਣਾ ਉਸ ਲਈ ਆਸਾਨ ਨਹੀਂ ਸੀ। ਉਸ ਨੇ ਆਪਣੇ ਕਰੀਅਰ 'ਚ ਬੁਰਾ ਸਮਾਂ ਵੀ ਦੇਖਿਆ ਹੈ। ਉਪਾਸਨਾ ਸਿੰਘ ਵੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋ ਚੁੱਕੀ ਹੈ।
ਉਪਾਸਨਾ ਸਿੰਘ ਨੇ ਕੀਤਾ ਖੁਲਾਸਾ
ਹਾਲ ਹੀ ਵਿੱਚ ਸਾਰਿਆਂ ਨੂੰ ਹਸਾਉਣ ਵਾਲੀ ਉਪਾਸਨਾ ਨੇ ਆਪਣੇ ਕਾਸਟਿੰਗ ਕਾਊਚ ਅਨੁਭਵ ਬਾਰੇ ਖੁੱਲ੍ਹ ਕੇ ਦੱਸਿਆ ਹੈ। ਉਸਨੇ ਦੱਸਿਆ ਕਿ ਕਿਵੇਂ ਉਹ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਣ ਤੋਂ ਬਚ ਗਈ। ਉਸਨੇ ਇੱਕ ਇੰਟਰਵਿਊ ਵਿੱਚ ਕਿਹਾ, "ਇੱਕ ਦੱਖਣ ਦੇ ਨਿਰਦੇਸ਼ਕ ਨੇ ਮੈਨੂੰ ਅਨਿਲ ਕਪੂਰ ਨਾਲ ਇੱਕ ਫਿਲਮ ਲਈ ਸਾਈਨ ਕੀਤਾ ਸੀ। ਮੈਂ ਅਕਸਰ ਆਪਣੀ ਮਾਂ ਅਤੇ ਭੈਣ ਦੇ ਨਾਲ ਕਿਸੇ ਵੀ ਨਿਰਦੇਸ਼ਕ ਨੂੰ ਮਿਲਣ ਜਾਂਦੀ ਸੀ। ਇੱਕ ਦਿਨ ਉਨ੍ਹਾਂ ਨੇ ਮੈਨੂੰ ਪੁੱਛਿਆ, ਤੁਸੀਂ ਹਮੇਸ਼ਾ ਕਿਸੇ ਨੂੰ ਆਪਣੇ ਨਾਲ ਕਿਉਂ ਲਿਆਉਂਦੇ ਹੋ? ਫਿਰ ਰਾਤ 11.30 ਵਜੇ ਮੈਨੂੰ ਫ਼ੋਨ ਆਇਆ। ਮੈਨੂੰ ਇੱਕ ਹੋਟਲ ਵਿੱਚ ਮਿਲਣ ਲਈ ਆਉਣ ਲਈ ਕਿਹਾ ਗਿਆ। ਮੈਂ ਕਿਹਾ, ਮੈਂ ਅਗਲੇ ਦਿਨ ਕਹਾਣੀ ਸੁਣ ਲਵਾਂਗੀ। ਫਿਰ ਨਿਰਦੇਸ਼ਕ ਨੇ ਕਿਹਾ- 'ਨਹੀਂ, ਤੁਸੀਂ ਮਿਲਣ ਦਾ ਮਤਲਬ ਨਹੀਂ ਸਮਝਦੇ?' ਇਹ ਸੁਣ ਕੇ ਉਪਾਸਨਾ ਹੈਰਾਨ ਰਹਿ ਗਈ।
ਆਪਣੇ ਆਪ ਨੂੰ ਕੀਤਾ ਸੱਤ ਦਿਨ ਕਮਰੇ ਵਿੱਚ ਬੰਦ
ਇਸ ਤੋਂ ਬਾਅਦ ਉਪਾਸਨਾ ਨੇ ਕਿਹਾ, "ਮੇਰਾ ਦਿਮਾਗ਼ ਗਰਮ ਹੋ ਗਿਆ। ਅਗਲੇ ਦਿਨ ਮੈਂ ਤਿੰਨ-ਚਾਰ ਲੋਕਾਂ ਨਾਲ ਬਾਂਦਰਾ ਸਥਿਤ ਉਸ ਦੇ ਦਫ਼ਤਰ ਪਹੁੰਚੀ। ਉਹ ਡਾਇਰੈਕਟਰ ਮੀਟਿੰਗ ਵਿੱਚ ਕੁਝ ਲੋਕਾਂ ਨਾਲ ਬੈਠਾ ਸੀ। ਮੈਂ ਉਸ ਨਾਲ ਸਿੱਧੀ ਪੰਜਾਬੀ ਵਿੱਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਸ ਨਾਲ 5 ਮਿੰਟ ਤੱਕ ਗਾਲੀ-ਗਲੋਚ ਕੀਤੀ। ਮੈਨੂੰ ਦਫ਼ਤਰੋਂ ਨਿਕਲਦਿਆਂ ਹੀ ਅਹਿਸਾਸ ਹੋਇਆ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਕਿਹਾ ਸੀ ਕਿ ਮੈਂ ਇਸ ਫਿਲਮ ਵਿੱਚ ਕੰਮ ਕਰ ਰਹੀ ਹਾਂ। ਉਸ ਤੋਂ ਬਾਅਦ ਮੈਂ ਸੱਤ ਦਿਨਾਂ ਤੱਕ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਰੱਖਿਆ। ਮੈਂ ਲਗਾਤਾਰ ਰੋ ਰਹੀ ਸੀ। ਮੈਂ ਸੋਚ ਰਹੀ ਸੀ ਕਿ ਮੈਂ ਹੁਣ ਲੋਕਾਂ ਨੂੰ ਕੀ ਦੱਸਾਂਗੀ। ਮੇਰੀ ਮਾਂ ਨੇ ਇਸ ਵਿੱਚ ਮੇਰਾ ਸਾਥ ਦਿੱਤਾ।" ਹੁਣ ਉਪਾਸਨਾ ਸਿੰਘ ਦੀ ਦੱਸੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਉਸ ਦਾ ਸਮਰਥਨ ਕਰ ਰਹੇ ਹਨ।
ਉਪਾਸਨਾ ਸਿੰਘ ਬਾਰੇ
ਉਪਾਸਨਾ ਸਿੰਘ ਦਾ ਜਨਮ 29 ਜੂਨ 1975 ਨੂੰ ਹੁਸ਼ਿਆਰਪੁਰ ਵਿੱਚ ਹੋਇਆ। ਇੱਥੋਂ ਹੀ ਉਸ ਨੇ ਮੁੱਢਲੀ ਪੜ੍ਹਾਈ ਕੀਤੀ। ਉਸਨੇ ਪੰਜਾਬ ਯੂਨੀਵਰਸਿਟੀ ਤੋਂ ਡਰਾਮੈਟਿਕ ਆਰਟ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ। ਉਪਾਸਨਾ ਸਿੰਘ ਵਿੱਚ ਬਚਪਨ ਤੋਂ ਹੀ ਅਦਾਕਾਰੀ ਦਾ ਹੁਨਰ ਸੀ। ਉਪਾਸਨਾ ਸਿੰਘ ਨੇ ਕਈ ਸਾਰੀਆਂ ਹਿੱਟ ਪੰਜਾਬੀ ਫਿਲਮਾਂ ਕੀਤੀਆਂ, ਜਿਸ ਵਿੱਚ 'ਕੈਰੀ ਆਨ ਜੱਟਾ 2' ਅਤੇ 'ਚੱਕ ਦੇ ਫੱਟੇ' ਸ਼ਾਮਲ ਹਨ, ਇਸ ਤੋਂ ਇਲਾਵਾ ਉਸ ਨੇ ਹਿੰਦੀ ਫਿਲਮਾਂ 'ਚ ਵੀ ਚੰਗੀ ਪਛਾਣ ਬਣਾਈ ਹੈ। ਉਸਨੇ 'ਡਰ', 'ਲੋਫਰ', 'ਜੁਦਾਈ', 'ਇਸ਼ਕ-ਵਿਸ਼ਕ', 'ਹੰਗਾਮਾ', 'ਹਲਚਲ', 'ਐਤਰਾਜ਼' ਅਤੇ 'ਜੁੜਵਾ 2' ਸਮੇਤ ਕਈ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਛੋਟੇ ਪਰਦੇ ਦੀ ਗੱਲ ਕਰੀਏ ਤਾਂ ਉਹ 'ਸੋਨਪਰੀ', 'ਰਾਜਾ ਕੀ ਆਏਗੀ ਬਾਰਾਤ' ਵਰਗੇ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ।
ਇਹ ਵੀ ਪੜ੍ਹੋ: